ਤਾਜਾ ਖਬਰਾਂ
 
                
ਚੰਡੀਗੜ੍ਹ/ਮਾਨਸਾ, 31 ਅਕਤੂਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਮਾਨਸਾ ਪੁਲਿਸ ਨੇ ਮਾਨਸਾ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਦੋ ਦੋਸ਼ੀਆਂ ਨੂੰ ਸੰਖੇਪ ਗੋਲੀਬਾਰੀ ਉਪਰੰਤ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਸਾਹਿਬ ਸਿੰਘ ਵਾਸੀ ਗੁਰੂ ਨਾਨਕ ਪੁਰਾ, ਰੂਪਨਗਰ ਅਤੇ ਰਮਨਪ੍ਰੀਤ ਸਿੰਘ ਵਾਸੀ ਪੁਖਰਾਲੀ ਰਾਮਪੁਰ, ਰੂਪਨਗਰ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ, 28 ਅਕਤੂਬਰ, 2025 ਨੂੰ ਮਾਨਸਾ ਵਿਖੇ ਇੱਕ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀਬਾਰੀ ਕੀਤੀ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲਾਂ - .32 ਬੋਰ ਅਤੇ .30 ਬੋਰ - ਸਮੇਤ ਨੌਂ ਜ਼ਿੰਦਾ ਕਾਰਤੂਸ ਅਤੇ ਛੇ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਸੰਗਠਿਤ ਅਪਰਾਧਾਂ ਦੇ ਨੈੱਟਵਰਕ ਨੂੰ ਨਸ਼ਟ ਕਰਨ ਅਤੇ ਸੂਬੇ ਭਰ ਵਿੱਚ ਸ਼ਾਂਤੀ ਤੇ ਸਦਭਾਵਨਾ ਨੂੰ ਬਰਕਰਾਰ ਰੱਖਣ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਆਪਰੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਮਾਨਸਾ ਭਾਗੀਰਥ ਮੀਨਾ ਨੇ ਕਿਹਾ ਕਿ ਇਸ ਘਟਨਾ ਉਪਰੰਤ ਮਾਨਸਾ ਪੁਲਿਸ ਨੇ ਗੋਲੀਬਾਰੀ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ।
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ, ਪੁਲਿਸ ਟੀਮਾਂ ਨੂੰ ਭਰੋਸੇਯੋਗ ਸੂਹ ਮਿਲੀ ਸੀ ਕਿ ਸ਼ੱਕੀ ਵਿਅਕਤੀ ਅੰਡਰ ਬ੍ਰਿਜ ਚਕੇਰੀਆ ਤੋਂ ਬਰਨਾਲਾ ਰੋਡ ਖੇਤਰ ਵਿੱਚ ਲੁਕੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸੂਹ 'ਤੇ ਤੁਰੰਤ ਕਾਰਵਾਈ ਕਰਦਿਆਂ, ਮਾਨਸਾ ਸਿਟੀ-1 ਦੀਆਂ ਪੁਲਿਸ ਟੀਮਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਦੋਵਾਂ ਮੁਲਜ਼ਮਾਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ।
ਐਸਐਸਪੀ ਨੇ ਦੱਸਿਆ ਕਿ ਆਪਣੀ ਗ੍ਰਿਫ਼ਤਾਰੀ ਉਪਰੰਤ ਦੋਸ਼ੀ ਗੁਰਸਾਹਿਬ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੇ ਭੀਖੀ ਡਰੇਨ ਵਿਖੇ ਰੇਲਵੇ ਟਰੈਕ ਨੇੜੇ ਇੱਕ ਹੋਰ ਪਿਸਤੌਲ ਛੁਪਾਇਆ ਹੋਇਆ ਹੈ। ਜਦੋਂ ਪੁਲਿਸ ਟੀਮਾਂ ਬਰਾਮਦਗੀ ਲਈ ਮੌਕੇ 'ਤੇ ਪਹੁੰਚੀਆਂ ਤਾਂ ਦੋਸ਼ੀ ਗੁਰਸਾਹਿਬ ਨੇ ਛੁਪਾਇਆ ਹੋਇਆ ਪਿਸਤੌਲ ਜੋ ਕਿ ਲੋਡ ਕੀਤਾ ਹੋਇਆ ਸੀ, ਚੁੱਕ ਲਿਆ ਅਤੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਸਵੈ-ਰੱਖਿਆ ਵਿੱਚ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਦੇ ਨਤੀਜੇ ਵਜੋਂ ਦੋਸ਼ੀ ਲੱਤ 'ਤੇ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ। ਇਸ ਉਪਰੰਤ ਜ਼ਖਮੀ ਦੋਸ਼ੀ ਨੂੰ ਤੁਰੰਤ ਸਿਵਲ ਹਸਪਤਾਲ, ਮਾਨਸਾ ਭੇਜ ਦਿੱਤਾ ਗਿਆ ਜਿੱਥੇ ਉਹ ਜ਼ੇਰੇ ਇਲਾਜ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ 'ਤੇ ਕੀਤੇ ਹਮਲੇ ਸਬੰਧੀ ਮਾਨਸਾ ਦੇ ਥਾਣਾ ਭੀਖੀ ਵਿਖੇ ਇੱਕ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮਾਂ ਦਾ ਸੀਡੀ ਡੀਲਕਸ ਮੋਟਰਸਾਈਕਲ (ਯੂਪੀ 20 ਏਸੀ 1563) ਜਿਸਦੀ ਵਰਤੋਂ ਉਨ੍ਹਾਂ ਨੇ ਅਪਰਾਧ ਨੂੰ ਅੰਜ਼ਾਮ ਦੇਣ ਲਈ ਕੀਤੀ ਸੀ, ਵੀ ਜ਼ਬਤ ਕਰ ਲਿਆ ਹੈ।
ਇਸ ਸਬੰਧੀ, ਐਫਆਈਆਰ ਨੰਬਰ 152 ਮਿਤੀ 28-10-2025 ਨੂੰ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 109, 125, ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਸਿਟੀ-1 ਮਾਨਸਾ ਵਿਖੇ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ।
 
                
            Get all latest content delivered to your email a few times a month.