ਤਾਜਾ ਖਬਰਾਂ
 
                
ਚੰਡੀਗੜ੍ਹ/ਅੰਮ੍ਰਿਤਸਰ, 31 ਅਕਤੂਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਖੁਫੀਆ ਇਤਲਾਹ ‘ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨੀ ਤਸਕਰਾਂ ਦੀ ਸ਼ਹਿ ‘ਤੇ ਸਰਹੱਦ ਪਾਰੋਂ ਚਲਾਏ ਜਾ ਰਹੇ ਹਥਿਆਰ ਤਸਕਰੀ ਮਾਡਿਊਲ ਦੇ ਸੱਤ ਕਾਰਕੁੰਨਾਂ,ਜਿਨਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ,ਨੂੰ 15 ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਕੇ ਇਸ ਗਿਰੋਹ ਨੂੰ ਬੇਅਸਰ ਕੀਤਾ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸ਼ਮਸ਼ੇਰ ਸਿੰਘ ਉਰਫ਼ ਸੀਮਾ (30) ,ਅਮਨਦੀਪ ਸਿੰਘ ਉਰਫ਼ ਬੌਬੀ (23) ਦੋਵੇਂ ਵਾਸੀ ਫਕੀਰ ਸਿੰਘ ਕਲੋਨੀ ,ਅੰਮ੍ਰਿਤਸਰ, ਬਲਵਿੰਦਰ ਸਿੰਘ ਉਰਫ਼ ਕਾਕਾ (26), ਗੁਰਦੇਵ ਸਿੰਘ (40), ਕਰਨਪ੍ਰੀਤ ਸਿੰਘ (19) ਅਤੇ ਹਰਮਨ ਸਿੰਘ (19) ਸਾਰੇ ਵਾਸੀ ਪਿੰਡ ਕੱਕੜ (ਅੰਮ੍ਰਿਤਸਰ ਦਿਹਾਤੀ) ਅਤੇ ਇੱਕ 17 ਸਾਲਾ ਨਾਬਾਲਗ ਵਜੋਂ ਹੋਈ ਹੈ। ਦੋਸ਼ੀਆਂ ਤੋਂ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਨੌਂ 9 ਐਮਐਮ ਗਲੋਕ ਪਿਸਤੌਲਾਂ ਅਤੇ ਛੇ .30 ਬੋਰ ਪਿਸਤੌਲਾਂ ਸ਼ਾਮਲ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਇੱਕ ਪਾਕਿਸਤਾਨੀ ਹੈਂਡਲਰ ਦੇ ਸੰਪਰਕ ਵਿੱਚ ਸਨ ਅਤੇ ਪੰਜਾਬ ਭਰ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਪ੍ਰਾਪਤੀ ਅਤੇ ਸਪਲਾਈ ਵਿੱਚ ਸਰਗਰਮੀ ਨਾਲ ਸ਼ਾਮਲ ਸਨ।
ਡੀਜੀਪੀ ਨੇ ਕਿਹਾ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਇਸਨੂੰ ਖਤਮ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇ-ਪਿਛਲੇ ਸਬੰਧ ਸਥਾਪਤ ਕੀਤੇ ਜਾ ਰਹੇ ਹਨ।
ਹੋਰ ਵੇਰਵੇ ਸਾਂਝੇ ਕਰਦੇ ਹੋਏ, ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇੱਕ ਨਾਬਾਲਗ, ਜੋ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨੇੜਲੇ ਪਿੰਡ ਦਾ ਵਾਸੀ ਹੋਣ ਕਰਕੇ ਖੇਪਾਂ ਪ੍ਰਾਪਤ ਕਰਦਾ ਸੀ ਅਤੇ ਪੰਜਾਬ ਵਿੱਚੇ ਅੱਗੇ ਡਿਲੀਵਰ ਕਰਦਾ ਸੀ, ਨੂੰ ਪਹਿਲਾਂ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਉਕਤ ਨਾਬਾਲਗ ਦੀ ਪੁੱਛਗਿੱਛ ਦੇ ਆਧਾਰ `ਤੇ, ਸ਼ਮਸ਼ੇਰ ਸਿੰਘ ਅਤੇ ਅਮਨਦੀਪ ਸਿੰਘ ਨੂੰ ਇੱਕ ਗਲੋਕ ਸਮੇਤ ਤਿੰਨ ਪਿਸਤੌਲਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਦੋਵੇਂ ਮੁਲਜ਼ਮ ਉਕਤ ਨਾਬਾਲਗ ਦੋਸ਼ੀ ਨੂੰ ਹਥਿਆਰਾਂ ਦੀ ਡਿਲੀਵਰੀ ਵਿੱਚ ਸਹਾਇਤਾ ਕਰਦੇ ਸਨ। ਤਕਨੀਕੀ ਅਤੇ ਫੋਰੈਂਸਿਕ ਸੁਰਾਗਾਂ ਤੇ ਕਾਰਵਾਈ ਕਰਦਿਆਂ ਦੋਸ਼ੀ ਬਲਵਿੰਦਰ ਸਿੰਘ ਨੂੰ ਦੋ ਗਲੌਕ ਪਿਸਤੌਲਾਂ ਅਤੇ ਇੱਕ .30 ਬੋਰ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਸੀ.ਪੀ. ਨੇ ਕਿਹਾ ਕਿ ਨਾਬਾਲਗ ਦੇ ਮੋਬਾਈਲ ਫੋਨ ਦੀ ਤਕਨੀਕੀ ਪੜਤਾਲ ਦੌਰਾਨ, ਗੁਰਦੇਵ ਸਿੰਘ ਦੀ ਭੂਮਿਕਾ ਵੀ ਸਾਹਮਣੇ ਆਈ ਅਤੇ ਇਹ ਪਤਾ ਲੱਗਾ ਕਿ ਦੋਵੇਂ ਇੱਕ ਦੂਜੇ ਦੇ ਸੰਪਰਕ ਵਿੱਚ ਸਨ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇੱਕ ਸਾਂਝੇ ਪਾਕਿਸਤਾਨੀ ਹੈਂਡਲਰ ਨਾਲ ਜੁੜੇ ਹੋਏ ਸਨ। ਹੈਂਡਲਰ ਦੇ ਨਿਰਦੇਸ਼ਾਂ `ਤੇ, ਉਨ੍ਹਾਂ ਨੇ ਆਪਣੇ ਸਥਾਨਕ ਸਾਥੀਆਂ ਦੀ ਸਹਾਇਤਾ ਨਾਲ ਹਥਿਆਰ ਡਿਲੀਵਰ ਕੀਤੇ।
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ, ਇਸ ਨੋਡ ਦੇ ਮੁੱਖ ਕਾਰਕੁੰਨ ਗੁਰਦੇਵ ਸਿੰਘ ਨੂੰ ਕਰਨਪ੍ਰੀਤ ਸਿੰਘ ਅਤੇ ਹਰਮਨ ਸਿੰਘ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਅਤੇ ਗੁਰਦੇਵ ਦੇ ਕਬਜ਼ੇ ਵਿੱਚੋਂ ਕੁੱਲ ਛੇ ਗਲੌਕ ਪਿਸਤੌਲਾਂ ਅਤੇ ਇੱਕ .30 ਬੋਰ ਪਿਸਤੌਲ ਬਰਾਮਦ ਕੀਤੇ ਗਏ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ ਕਿਉਂਕਿ ਹੋਰ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧ ਵਿੱਚ, ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਛਾਉਣੀ ਵਿਖੇ ਅਸਲਾ ਐਕਟ ਦੀ ਧਾਰਾ 25(6,7,8) ਤਹਿਤ ਦੋ ਵੱਖ-ਵੱਖ ਮਾਮਲੇ ਐਫਆਈਆਰ ਨੰਬਰ 224 ਮਿਤੀ 23.10.2025 ਅਤੇ ਐਫਆਈਆਰ ਨੰਬਰ 228 ਮਿਤੀ 28.10.2025 ਤਹਿਤ ਕੇਸ ਦਰਜ ਕੀਤੇ ਗਏ ਹਨ।
 
                
            Get all latest content delivered to your email a few times a month.