ਤਾਜਾ ਖਬਰਾਂ
 
                
ਪੰਜਾਬ ਵਿੱਚ ਟਰਾਂਸਪੋਰਟ ਵਿਭਾਗ ਨਾਲ ਜੁੜੇ ਕੰਮਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਦਲਾਲਾਂ ਦੇ ਨੈਕਸਸ ਨੂੰ ਤੋੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਨਵੇਂ ਹੁਕਮਾਂ ਤਹਿਤ ਹੁਣ ਆਰ.ਟੀ.ਓ. (RTO) ਦਫ਼ਤਰਾਂ ਦੀਆਂ 56 ਸੇਵਾਵਾਂ ਸਾਰੇ ਸੇਵਾ ਕੇਂਦਰਾਂ ਰਾਹੀਂ ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਇਤਿਹਾਸਕ ਫੈਸਲੇ ਦਾ ਮਕਸਦ ਲੋਕਾਂ ਨੂੰ ਪਾਰਦਰਸ਼ੀ ਅਤੇ ਦਲਾਲ-ਮੁਕਤ ਸਰਕਾਰੀ ਸੇਵਾਵਾਂ ਦੇਣਾ ਹੈ।
ਸੇਵਾਵਾਂ ਦੁੱਗਣੀਆਂ, ਸੋਮਵਾਰ ਤੋਂ ਫੁੱਲ ਸਪੀਡ
ਸਰਕਾਰ ਨੇ ਪਹਿਲਾਂ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ 28 ਸੇਵਾਵਾਂ ਦੀ ਗਿਣਤੀ ਨੂੰ ਵਧਾ ਕੇ 56 ਕਰ ਦਿੱਤਾ ਹੈ। ਇਸ ਲਈ ਸਾਰੇ ਸੇਵਾ ਕੇਂਦਰ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੱਤੀ ਗਈ ਹੈ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਟਾਈਪ-ਏ ਸੇਵਾ ਕੇਂਦਰ ਵਿੱਚ ਅੱਜ ਇਨ੍ਹਾਂ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਲੋਕਾਂ ਨੇ ਉਤਸ਼ਾਹ ਨਾਲ ਲਾਭ ਉਠਾਇਆ।
ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਬਹਾਦੁਰ ਸਿੰਘ ਨੇ ਦੱਸਿਆ ਕਿ ਸਿਸਟਮ ਅਤੇ ਸਾਫਟਵੇਅਰ ਅਪਡੇਟ ਹੋਣ ਕਾਰਨ ਕੁਝ ਸੇਵਾਵਾਂ ਅਸਥਾਈ ਤੌਰ 'ਤੇ ਰੁਕੀਆਂ ਹਨ, ਪਰ ਅਗਲੇ ਸੋਮਵਾਰ ਤੋਂ ਸਾਰੀਆਂ 56 ਸੇਵਾਵਾਂ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਣਗੀਆਂ।
ਲੋਕਾਂ ਨੂੰ ਮਿਲੀ ਰਾਹਤ: 'ਹੁਣ ਦਲਾਲੀ ਦਾ ਡਰ ਖ਼ਤਮ'
ਟ੍ਰਾਂਸਪੋਰਟ ਵਿਭਾਗ ਦੇ ਕੰਮ ਕਰਵਾਉਣ ਆਏ ਲੋਕਾਂ ਨੇ ਇਸ ਨਵੀਂ ਪ੍ਰਣਾਲੀ ਨੂੰ ਬਹੁਤ ਵੱਡੀ ਰਾਹਤ ਦੱਸਿਆ ਹੈ। ਗੌਤਮ ਕਪੂਰ ਨਾਮੀ ਵਿਅਕਤੀ ਨੇ ਕਿਹਾ:
"ਪਹਿਲਾਂ ਜਿੱਥੇ ਦਲਾਲਾਂ ਦੇ ਚੱਕਰ ਕੱਟਣੇ ਪੈਂਦੇ ਸਨ, ਉੱਥੇ ਹੁਣ ਨਿਰਧਾਰਤ ਫੀਸ ਦੇ ਕੇ ਸਾਰੀਆਂ ਸੇਵਾਵਾਂ ਸਿੱਧੇ ਸੇਵਾ ਕੇਂਦਰ ਤੋਂ ਮਿਲ ਰਹੀਆਂ ਹਨ। ਦਸਤਾਵੇਜ਼ ਆਨਲਾਈਨ ਅਪਲੋਡ ਹੋਣ ਕਾਰਨ ਕੰਮ ਤੇਜ਼ ਅਤੇ ਪਾਰਦਰਸ਼ੀ ਹੋ ਗਿਆ ਹੈ। ਉਮੀਦ ਹੈ ਕਿ ਹੁਣ ਦਲਾਲੀ ਤੋਂ ਪੱਕੇ ਤੌਰ 'ਤੇ ਛੁਟਕਾਰਾ ਮਿਲ ਜਾਵੇਗਾ।"
ਇਸ ਫੈਸਲੇ ਕਾਰਨ ਅੱਜ RTO ਦਫ਼ਤਰ ਵਿੱਚ ਜਨਤਕ ਖਿੜਕੀਆਂ ਬੰਦ ਰਹੀਆਂ, ਜਦੋਂ ਕਿ ਸੇਵਾ ਕੇਂਦਰਾਂ 'ਤੇ ਲਾਇਸੈਂਸ, ਰਜਿਸਟ੍ਰੇਸ਼ਨ ਅਤੇ ਚਲਾਨ ਨਿਪਟਾਰੇ ਵਰਗੀਆਂ ਸੇਵਾਵਾਂ ਲਈ ਭਾਰੀ ਭੀੜ ਦੇਖੀ ਗਈ। ਜਿਹੜੇ ਲੋਕ ਪੁਰਾਣੇ ਢੰਗ ਨਾਲ RTO ਪਹੁੰਚੇ ਸਨ, ਉਨ੍ਹਾਂ ਨੂੰ ਸੇਵਾ ਕੇਂਦਰਾਂ 'ਤੇ ਜਾਣ ਲਈ ਕਿਹਾ ਗਿਆ।
 
                
            Get all latest content delivered to your email a few times a month.