ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਦੇ ਲੋਕਾਂ ਲਈ ਇੱਕ ਵੀ ਅਜਿਹਾ ਕੰਮ ਨਹੀਂ ਦੱਸ ਸਕਦੀਆਂ ਜੋ ਉਨ੍ਹਾਂ ਦੇ ਹਿੱਤ ਵਿਚ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀ ਆਪਣੇ ਹੱਕਾਂ ਦੀ ਲੜਾਈ ਲੜਨ ਵਾਲੀ ਖੇਤਰੀ ਪਾਰਟੀ-ਸ਼੍ਰੋਮਣੀ ਅਕਾਲੀ ਦਲ-ਦਾ ਸਮਰਥਨ ਕਰਨ।
ਬੀਬੀ ਬਾਦਲ ਨੇ ਬਠਿੰਡਾ ਹਲਕੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸਿਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਕਈ ਜਨਸਭਾਵਾਂ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਨੂੰ ਲੋਕਾਂ ਦਾ ਜ਼ਬਰਦਸਤ ਸਮਰਥਨ ਮਿਲਿਆ। ਉਨ੍ਹਾਂ ਕਿਹਾ ਕਿ ਜਦੋਂ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ, ਤਦ ਕਿਸਾਨਾਂ ਅਤੇ ਗਰੀਬ ਵਰਗ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਨੂੰ ਹੋਰ ਵਿਸਤਾਰਿਤ ਕੀਤਾ ਜਾਵੇਗਾ।
ਉਨ੍ਹਾਂ ਵਚਨ ਦਿੱਤਾ ਕਿ ਬੇਘਰ ਲੋਕਾਂ ਨੂੰ ਘਰ ਮੁਹੱਈਆ ਕਰਵਾਏ ਜਾਣਗੇ, ਬੁਢ਼ਾਪਾ ਪੈਨਸ਼ਨ ਵਧਾਈ ਜਾਵੇਗੀ ਅਤੇ ਨੌਜਵਾਨਾਂ ਲਈ ਪੰਜ ਲੱਖ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਹੀ ਪੰਜਾਬ ਵਿੱਚ ਨੌਕਰੀਆਂ ਦੇਣ ਲਈ ਨੀਤੀ ਬਣਾਈ ਜਾਵੇਗੀ ਅਤੇ ਬਾਹਰਲੇ ਲੋਕਾਂ ਵੱਲੋਂ ਪੰਜਾਬ ਵਿੱਚ ਜ਼ਮੀਨ ਖਰੀਦਣ ’ਤੇ ਪਾਬੰਦੀ ਲਗਾਈ ਜਾਵੇਗੀ।
ਲੋਕਾਂ ਨੂੰ ਖੇਤਰੀ ਪਾਰਟੀ ਦਾ ਸਮਰਥਨ ਕਰਨ ਲਈ ਅਪੀਲ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਕਦੇ ਵੀ ਰਾਜਨੀਤਿਕ ਲਾਭ ਲਈ ਝੂਠ ਨਹੀਂ ਬੋਲਿਆ ਅਤੇ ਹਮੇਸ਼ਾ ਆਪਣੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਟਿਊਬਵੈੱਲਾਂ ਲਈ ਮੁਫ਼ਤ ਬਿਜਲੀ, ਬੁਢ਼ਾਪਾ ਪੈਨਸ਼ਨ, ਆਟਾ-ਦਾਲ ਯੋਜਨਾ ਅਤੇ ਸ਼ਗਨ ਸਕੀਮ ਵਰਗੀਆਂ ਕਈ ਸਮਾਜਿਕ ਯੋਜਨਾਵਾਂ ਅਕਾਲੀ ਦਲ ਦੀਆਂ ਹੀ ਦੇਣਾਂ ਹਨ। ਇਸਦੇ ਉਲਟ, ਕਾਂਗਰਸ ਅਤੇ ਆਪ ਨੇ ਲੋਕਾਂ ਨੂੰ ਧੋਖਾ ਹੀ ਦਿੱਤਾ ਹੈ - ਕਾਂਗਰਸ ਨੇ ਕਰਜ਼ਾ ਮਾਫ਼ੀ ਦਾ ਵਾਅਦਾ ਤੋੜਿਆ ਜਦਕਿ ਆਮ ਆਦਮੀ ਪਾਰਟੀ ਨੇ ਨਸ਼ਾ ਮੁਕਤ ਪੰਜਾਬ ਦਾ ਦਾਅਵਾ ਕਰਦੇ ਹੋਏ ਖ਼ੁਦ ਨਸ਼ੇ ਦੇ ਧੰਧੇ ਨੂੰ ਸਹਾਰਾ ਦਿੱਤਾ ਹੈ।
ਭ੍ਰਿਸ਼ਟਾਚਾਰ ਅਤੇ ਅਰਾਜਕਤਾ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਬੀਬੀ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਈ ਆਗੂ, ਜਿਵੇਂ ਡਾ. ਵਿਜੇ ਸਿੰਗਲਾ, ਫੌਜਾ ਸਿੰਘ ਸਰਾਰੀ ਅਤੇ ਅਮਿਤ ਰਤਨ, ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਫਸੇ ਹੋਏ ਹਨ। ਉਨ੍ਹਾਂ ਨੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਘਰ ’ਤੇ ਹੋਏ ਛਾਪੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਥੋਂ ਕਰੋੜਾਂ ਰੁਪਏ ਦੀ ਨਕਦੀ, ਸੋਨਾ ਅਤੇ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਹੋਏ ਹਨ - ਜੋ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਲੁੱਟ ਰਹੀ ਹੈ ਅਤੇ ਪੈਸਾ ਹੋਰ ਰਾਜਾਂ ਦੀਆਂ ਚੋਣਾਂ ਵਿੱਚ ਖਰਚ ਕਰ ਰਹੀ ਹੈ।
ਆਪਣੀ ਚੋਣ ਅਪੀਲ ਦੇ ਅੰਤ ਵਿੱਚ ਬੀਬੀ ਬਾਦਲ ਨੇ ਕਿਹਾ ਕਿ ਲੋਕਾਂ ਨੂੰ ਪ੍ਰਿੰਸਿਪਲ ਸੁਖਵਿੰਦਰ ਕੌਰ ਰੰਧਾਵਾ ਦਾ ਪੂਰਾ ਸਮਰਥਨ ਕਰਨਾ ਚਾਹੀਦਾ ਹੈ, ਕਿਉਂਕਿ ਉਹ ਉਸ ਧਰਮੀ ਫੌਜੀ ਪਰਿਵਾਰ ਨਾਲ ਸਬੰਧਤ ਹਨ ਜਿਸ ਨੇ ਆਪਣੀ ਨੌਕਰੀ ਦੀ ਕੁਰਬਾਨੀ ਦੇ ਕੇ ਦਰਬਾਰ ਸਾਹਿਬ ’ਤੇ ਹਮਲੇ ਵਿਰੁੱਧ ਅਵਾਜ਼ ਬੁਲੰਦ ਕੀਤੀ ਸੀ।
ਇਸ ਮੌਕੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਰਵਿੰਦਰਪਾਲ ਸਿੰਘ ਬ੍ਰਹਮਪੁਰਾ, ਅਲਵਿੰਦਰਪਾਲ ਸਿੰਘ ਪਖੋਕੇ, ਬੀਬੀ ਹਰਗੋਬਿੰਦ ਕੌਰ, ਗੌਰਵਦੀਪ ਸਿੰਘ ਵਲਟੋਹਾ, ਇਕਬਾਲ ਸਿੰਘ ਸੰਧੂ ਅਤੇ ਸੁਖਪਾਲ ਸਿੰਘ ਨੰਨੂ ਵੀ ਹਾਜ਼ਰ ਸਨ।
Get all latest content delivered to your email a few times a month.