ਤਾਜਾ ਖਬਰਾਂ
ਜ਼ਿਲ੍ਹਾ ਬਠਿੰਡਾ ਦੇ ਤਲਵੰਡੀ ਸਾਬੋ ਇਲਾਕੇ ਵਿੱਚ ਰੰਜਿਸ਼ ਦੇ ਚੱਲਦਿਆਂ ਇੱਕ ਜਿਗਰੀ ਦੋਸਤ ਵੱਲੋਂ ਕੀਤੇ ਗਏ ਧੋਖੇ ਕਾਰਨ 16 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਮੁਲਜ਼ਮ ਦੋਸਤ ਨੇ ਆਪਣੇ ਯਾਰ ਨੂੰ ਸ਼ਰਾਬ ਵਿੱਚ ਸਲਫਾਸ ਮਿਲਾ ਕੇ ਪਿਲਾ ਦਿੱਤੀ ਅਤੇ ਖੁਦ ਸਲਫਾਸ ਪੀਣ ਦਾ ਸਿਰਫ਼ ਨਾਟਕ ਕੀਤਾ।
ਪਿੰਡ ਕੌਰੇਆਣਾ ਦੇ ਮ੍ਰਿਤਕ ਅਰਸਦੀਪ ਸਿੰਘ (16) ਦੇ ਪਿਤਾ ਜਸਵਿੰਦਰ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਅਰਸਦੀਪ ਦੀ ਦੋਸਤੀ ਪਿੰਡ ਰਈਆ ਦੇ ਲਵਪ੍ਰੀਤ ਸਿੰਘ ਨਾਲ ਸੀ, ਜੋ ਕਿ ਗੂੜ੍ਹੀ ਸੀ।
ਅਣਬਣ ਤੋਂ ਬਾਅਦ ਵਧਿਆ ਵਿਵਾਦ
ਪਿਤਾ ਜਸਵਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਕਰੀਬ 10 ਦਿਨ ਪਹਿਲਾਂ ਅਰਸਦੀਪ ਅਤੇ ਲਵਪ੍ਰੀਤ ਦੀ ਆਪਸ ਵਿੱਚ ਅਣਬਣ ਹੋ ਗਈ ਸੀ। ਇਸ ਤੋਂ ਬਾਅਦ ਲਵਪ੍ਰੀਤ ਦੇ ਪਿਤਾ ਰਜਿੰਦਰ ਸਿੰਘ ਨੇ ਵੀ ਅਰਸਦੀਪ ਨੂੰ ਫੋਨ 'ਤੇ ਕਾਫ਼ੀ ਬੁਰਾ-ਭਲਾ ਕਿਹਾ, ਜਿਸ ਦੇ ਜਵਾਬ ਵਿੱਚ ਅਰਸਦੀਪ ਨੇ ਵੀ ਉਨ੍ਹਾਂ ਨਾਲ ਬਹਿਸ ਕੀਤੀ। ਲਵਪ੍ਰੀਤ ਨੇ ਇਸੇ ਰੰਜਿਸ਼ ਨੂੰ ਲੈ ਕੇ ਅਰਸਦੀਪ ਨੂੰ ਪਿੰਡ ਨੇੜੇ ਸੂਏ 'ਤੇ ਬੁਲਾਇਆ।
ਧੋਖੇ ਨਾਲ ਦਿੱਤਾ ਜ਼ਹਿਰ, ਖ਼ੁਦ ਕੀਤਾ ਡਰਾਮਾ
ਸ਼ਾਮ ਕਰੀਬ 7 ਵਜੇ ਜਦੋਂ ਅਰਸਦੀਪ ਘਰ ਆਇਆ ਤਾਂ ਉਸ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸ ਨੇ ਲਵਪ੍ਰੀਤ ਨਾਲ ਮਿਲ ਕੇ ਸ਼ਰਾਬ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਪੀਤੀ ਹੈ।
ਅਰਸਦੀਪ ਨੂੰ ਤੁਰੰਤ ਤਲਵੰਡੀ ਸਾਬੋ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਬਠਿੰਡਾ ਦੇ ਗੋਲਡਨ ਮੈਡੀਕਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਇਲਾਜ ਦੌਰਾਨ ਅਰਸਦੀਪ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਲਵਪ੍ਰੀਤ ਨੇ ਉਸ ਨੂੰ ਸ਼ਰਾਬ ਵਿੱਚ ਸਲਫਾਸ ਦੀ ਜ਼ਿਆਦਾ ਖੁਰਾਕ ਦਿੱਤੀ ਅਤੇ ਖੁਦ ਸਲਫਾਸ ਪੀਣ ਦਾ ਸਿਰਫ਼ ਡਰਾਮਾ ਕਰ ਰਿਹਾ ਸੀ। ਇਸ ਕਾਰਨ ਅਰਸਦੀਪ ਦੀ ਅੱਜ ਸਵੇਰੇ ਮੌਤ ਹੋ ਗਈ।
ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਲਵਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਲਵਪ੍ਰੀਤ ਸਿੰਘ ਵੀ ਇਸ ਸਮੇਂ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਉਸ ਦੇ ਠੀਕ ਹੋਣ ਉਪਰੰਤ ਗਹਿਰਾਈ ਨਾਲ ਪੁੱਛ-ਪੜਤਾਲ ਕੀਤੀ ਜਾਵੇਗੀ।
Get all latest content delivered to your email a few times a month.