ਤਾਜਾ ਖਬਰਾਂ
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਬਟਾਲਾ ਪੁਲਿਸ ਉਸ ਨੂੰ ਗੋਰਾ ਬਰਿਆਰ ਕਤਲ ਮਾਮਲੇ ਦੀ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਅਸਾਮ ਦੀ ਸਿਲਚਰ ਜੇਲ੍ਹ ਤੋਂ ਲੈ ਕੇ ਆਈ ਸੀ।
ਬਟਾਲਾ ਦੇ ਐਸ.ਪੀ. ਗੁਰਪ੍ਰਤਾਪ ਸਿੰਘ ਸਹੋਤਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੱਗੂ ਭਗਵਾਨਪੁਰੀਆ ਗੁਰਦਾਸਪੁਰ ਦੇ ਪਿੰਡ ਬਰਿਆਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ਼ ਗੋਰਾ ਬਰਿਆਰ ਦੇ ਕਤਲ ਦੇ ਕੇਸ (ਐੱਫ.ਆਈ.ਆਰ. ਨੰਬਰ 89) ਵਿੱਚ ਨਾਮਜ਼ਦ ਹੈ। ਪੁਲਿਸ ਇਸ ਰਿਮਾਂਡ ਦੌਰਾਨ ਕਤਲ ਦੇ ਇਸ ਪੂਰੇ ਮਾਮਲੇ ਦੀਆਂ ਤੰਦਾਂ ਨੂੰ ਜੋੜੇਗੀ।
ਗੋਰਾ ਕਤਲ ਤੋਂ ਬਾਅਦ ਵਧੀ ਗੈਂਗਵਾਰ
ਗੋਰਾ ਬਰਿਆਰ ਦਾ ਕਤਲ 26 ਮਈ ਨੂੰ ਹੋਇਆ ਸੀ, ਜਿਸ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦਾ ਹੱਥ ਦੱਸਿਆ ਗਿਆ ਸੀ। ਇਸ ਤੋਂ ਬਾਅਦ ਪੰਜਾਬ ਵਿੱਚ ਗੈਂਗਵਾਰ ਹੋਰ ਵੀ ਭਿਆਨਕ ਹੋ ਗਈ।
ਮਾਂ ਅਤੇ ਸਾਥੀ ਦਾ ਕਤਲ:
26 ਜੂਨ ਨੂੰ ਬਟਾਲਾ ਵਿੱਚ ਦੋ ਬਾਈਕ ਸਵਾਰਾਂ ਨੇ ਜੱਗੂ ਦੀ ਮਾਂ ਹਰਜੀਤ ਕੌਰ ਅਤੇ ਉਸ ਦੇ ਕਰੀਬੀ ਕਰਨਵੀਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨਾਲ ਜੁੜੇ ਗੋਪੀ ਘਨਸ਼ਿਆਮਪੁਰੀਆ ਗੈਂਗ ਨੇ ਲਈ ਸੀ ਅਤੇ ਇਸ ਨੂੰ ਗੋਰਾ ਬਰਿਆਰ ਦੇ ਕਤਲ ਦਾ ਬਦਲਾ ਦੱਸਿਆ ਸੀ।
ਜੱਗੂ ਦੇ ਸਾਥੀ ਦਾ ਕਤਲ:
5 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਜੁਗਰਾਜ ਸਿੰਘ ਉਰਫ਼ ਤੋਤਾ ਦਾ ਵੀ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਵੀ ਘਨਸ਼ਿਆਮਪੁਰੀਆ ਗੈਂਗ ਨੇ ਲਈ ਸੀ।
ਇਹ ਸਾਰੀਆਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਹੁਣ ਪੁਲਿਸ ਨੂੰ ਉਮੀਦ ਹੈ ਕਿ ਜੱਗੂ ਭਗਵਾਨਪੁਰੀਆ ਦੇ ਰਿਮਾਂਡ ਨਾਲ ਇਸ ਲਗਾਤਾਰ ਹੋ ਰਹੀ ਗੈਂਗਵਾਰ ਦੇ ਸਰੋਤਾਂ ਅਤੇ ਸਾਜ਼ਿਸ਼ਾਂ ਬਾਰੇ ਅਹਿਮ ਜਾਣਕਾਰੀ ਮਿਲ ਸਕਦੀ ਹੈ।
Get all latest content delivered to your email a few times a month.