ਤਾਜਾ ਖਬਰਾਂ
ਰੇਪ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਰਾਜਸਥਾਨ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਮੈਡੀਕਲ ਆਧਾਰ 'ਤੇ (Medical Ground) ਆਸਾਰਾਮ ਨੂੰ 6 ਮਹੀਨਿਆਂ ਦੀ ਅੰਤਰਿਮ ਜ਼ਮਾਨਤ (Interim Bail) ਦੇ ਦਿੱਤੀ ਹੈ। ਕਾਰਜਕਾਰੀ ਮੁੱਖ ਜੱਜ ਸੰਜੀਵ ਪ੍ਰਕਾਸ਼ ਸ਼ਰਮਾ ਦੀ ਡਿਵੀਜ਼ਨ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਆਸਾਰਾਮ ਨੂੰ ਇਹ ਜ਼ਮਾਨਤ ਦਿੱਤੀ।
ਸਿਹਤ ਦਾ ਹਵਾਲਾ ਦੇ ਕੇ ਦਿੱਤੀ ਸੀ ਅਰਜ਼ੀ
ਵਰਤਮਾਨ ਵਿੱਚ, ਆਸਾਰਾਮ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਆਸਾਰਾਮ ਨੇ ਆਪਣੀ ਖ਼ਰਾਬ ਸਿਹਤ ਦਾ ਹਵਾਲਾ ਦੇ ਕੇ ਰੈਗੂਲਰ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਉਹ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਪਿਛਲੇ ਸਾਲ ਸੁਪਰੀਮ ਕੋਰਟ ਤੋਂ ਮਿਲੀ ਸੀ ਰਾਹਤ
ਇਸ ਤੋਂ ਪਹਿਲਾਂ ਜਨਵਰੀ ਵਿੱਚ, ਸੁਪਰੀਮ ਕੋਰਟ ਨੇ 2013 ਦੇ ਰੇਪ ਕੇਸ ਵਿੱਚ ਮਾਰਚ ਦੇ ਅੰਤ ਤੱਕ ਮੈਡੀਕਲ ਆਧਾਰ 'ਤੇ ਆਸਾਰਾਮ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ। ਸੁਪਰੀਮ ਕੋਰਟ ਦੀ ਬੈਂਚ ਨੇ ਉਸ ਸਮੇਂ ਕਿਹਾ ਸੀ ਕਿ ਆਸਾਰਾਮ ਨੂੰ ਉਮਰ ਨਾਲ ਸਬੰਧਤ ਕਈ ਸਿਹਤ ਸਮੱਸਿਆਵਾਂ ਹਨ ਅਤੇ ਉਨ੍ਹਾਂ ਨੂੰ ਦੋ ਵਾਰ ਦਿਲ ਦਾ ਦੌਰਾ (Heart Attack) ਵੀ ਪੈ ਚੁੱਕਾ ਹੈ।
2013 ਵਿੱਚ ਹੋਈ ਸੀ ਗ੍ਰਿਫ਼ਤਾਰੀ
ਆਸਾਰਾਮ ਅਗਸਤ 2013 ਤੋਂ ਇੱਕ ਸਕੂਲੀ ਲੜਕੀ ਨਾਲ ਰੇਪ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ। 16 ਸਾਲਾ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਦੋ ਮਹੀਨੇ ਬਾਅਦ, ਆਸਾਰਾਮ ਅਤੇ ਉਨ੍ਹਾਂ ਦੇ ਬੇਟੇ ਨਰਾਇਣ ਸਾਈਂ 'ਤੇ ਗੁਜਰਾਤ ਦੇ ਸੂਰਤ ਸਥਿਤ ਉਨ੍ਹਾਂ ਦੇ ਆਸ਼ਰਮ ਵਿੱਚ ਦੋ ਭੈਣਾਂ ਨਾਲ ਰੇਪ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ।
Get all latest content delivered to your email a few times a month.