ਤਾਜਾ ਖਬਰਾਂ
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਿੱਚ ਉਸ ਸਮੇਂ ਹੋਰ ਵਾਧਾ ਹੋ ਗਿਆ, ਜਦੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਰਜ ਮਾਮਲੇ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਖ਼ਿਲਾਫ਼ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ। ਇਹ ਮਾਮਲਾ 60 ਲੱਖ ਰੁਪਏ ਦੇ ਇੱਕ ਪਲਾਟ ਨੂੰ ਸਾਜ਼ਿਸ਼ ਤਹਿਤ ਉਸੇ ਦਿਨ ਸਿਰਫ਼ 25 ਲੱਖ ਰੁਪਏ ਵਿੱਚ ਵੇਚਣ ਨਾਲ ਸਬੰਧਤ ਹੈ।
ਮੋਹਾਲੀ ਦੀ ਇੱਕ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਸੁਣਵਾਈ ਦੌਰਾਨ ਇਹ ਦੋਸ਼ ਤੈਅ ਕੀਤੇ ਹਨ।
ਇੱਕ ਪੁੱਤਰ ਭਗੌੜਾ, ਜਾਇਦਾਦ ਕੁਰਕ ਕਰਨ ਦੀ ਤਿਆਰੀ
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਨਾਮਜ਼ਦ ਧਰਮਸੋਤ ਦੇ ਦੂਜੇ ਪੁੱਤਰ ਹਰਪ੍ਰੀਤ ਸਿੰਘ ਨੂੰ ਅਦਾਲਤ ਪਹਿਲਾਂ ਹੀ ਭਗੌੜਾ (Proclaimed Offender) ਐਲਾਨ ਚੁੱਕੀ ਹੈ। ਇਸ ਤੋਂ ਪਹਿਲਾਂ, 2024 ਦੇ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਮਾਮਲੇ ਵਿੱਚ, ਈਡੀ ਅਦਾਲਤ ਨੇ ਹਰਪ੍ਰੀਤ ਸਿੰਘ ਨੂੰ ਭਗੌੜਾ ਕਰਾਰ ਦਿੰਦੇ ਹੋਏ ਉਸਦੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਸਨ। ਅਦਾਲਤ ਨੇ ਫੌਜਦਾਰੀ ਜ਼ਾਬਤੇ (CrPC) ਦੀ ਧਾਰਾ 83 ਤਹਿਤ ਉਸਦੀ ਜਾਇਦਾਦ ਕੁਰਕੀ ਦੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਵਿਜੀਲੈਂਸ ਕੇਸ 'ਤੇ ਆਧਾਰਿਤ ਹੈ ED ਦੀ ਜਾਂਚ
ਇਹ ਮਾਮਲਾ ਅਸਲ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਕੇਸ ਨਾਲ ਸਬੰਧਤ ਹੈ। ਈਡੀ ਨੇ ਇਸ ਵਿਜੀਲੈਂਸ ਕੇਸ ਨੂੰ ਆਧਾਰ ਬਣਾ ਕੇ ਮਨੀ ਲਾਂਡਰਿੰਗ ਦੇ ਤਹਿਤ ਵੱਖਰੇ ਤੌਰ 'ਤੇ ਮਾਮਲਾ ਦਰਜ ਕੀਤਾ ਸੀ ਅਤੇ ਜਾਂਚ ਸ਼ੁਰੂ ਕੀਤੀ ਸੀ।
ਅਦਾਲਤ ਵੱਲੋਂ ਦੋਸ਼ ਤੈਅ ਕੀਤੇ ਜਾਣ ਤੋਂ ਬਾਅਦ, ਹੁਣ ਇਸ ਮਾਮਲੇ ਦਾ ਟ੍ਰਾਇਲ ਸ਼ੁਰੂ ਹੋ ਜਾਵੇਗਾ, ਜਿਸ ਨਾਲ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਕਾਨੂੰਨੀ ਮੁਸ਼ਕਲਾਂ ਹੋਰ ਵਧ ਗਈਆਂ ਹਨ।
Get all latest content delivered to your email a few times a month.