ਤਾਜਾ ਖਬਰਾਂ
ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਅਤੇ ਦਿਲਜੀਤ ਦੋਸਾਂਝ (Diljit Dosanjh) ਦੀ ਫਿਲਮ 'ਪੰਜਾਬ-95' (Punjab-95) ਦੀ ਰਿਲੀਜ਼ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦਰਮਿਆਨ, ਫਿਲਮ ਨੂੰ ਹੁਣ ਭਾਰਤੀ ਜਨਤਾ ਪਾਰਟੀ (BJP) ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। BJP ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ (RP Singh) ਨੇ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (CBFC) ਵੱਲੋਂ ਫਿਲਮ ਦੀ ਰਿਲੀਜ਼ ਰੋਕੇ ਜਾਣ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਫਿਲਮ ਦੇ ਨਾਂ ਬਦਲਣ ਦੀਆਂ ਚਰਚਾਵਾਂ ਅਤੇ ਕੱਟ ਲਗਾਏ ਜਾਣ ਦੀਆਂ ਮੰਗਾਂ ਦੇ ਵਿਚਕਾਰ, ਆਰ.ਪੀ. ਸਿੰਘ ਨੇ ਮੰਗ ਕੀਤੀ ਹੈ ਕਿ 'ਪੰਜਾਬ-95' ਨੂੰ ਬਿਨ੍ਹਾਂ ਕਿਸੇ ਕੱਟ ਤੋਂ ਤੁਰੰਤ ਰਿਲੀਜ਼ ਕੀਤਾ ਜਾਵੇ।
CBFC ਚੇਅਰਮੈਨ ਨੂੰ ਸਿੱਧੀ ਅਪੀਲ
ਆਰ.ਪੀ. ਸਿੰਘ ਨੇ CBFC ਦੇ ਚੇਅਰਮੈਨ ਪ੍ਰਸੂਨ ਜੋਸ਼ੀ ਨੂੰ ਸਿੱਧੇ ਤੌਰ 'ਤੇ ਅਪੀਲ ਕੀਤੀ ਹੈ ਕਿ ਉਹ ਇਸ ਗੱਲ ਨੂੰ ਸਮਝਣ ਕਿ ਫਿਲਮ ਰਿਲੀਜ਼ ਕਰਨ ਵਿੱਚ ਦੇਰੀ ਹੋਣ ਨਾਲ ਇਹ ਸੰਦੇਸ਼ ਜਾ ਰਿਹਾ ਹੈ ਕਿ 1980 ਅਤੇ 1990 ਦੇ ਦਹਾਕੇ ਵਿੱਚ ਕਾਂਗਰਸ ਸਰਕਾਰਾਂ ਦੇ ਸਮੇਂ ਸਿੱਖਾਂ 'ਤੇ ਹੋਏ ਅੱਤਿਆਚਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਅਜੇ ਵੀ ਜਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਫਿਲਮ ਨੂੰ ਰੋਕਣਾ, ਸਿੱਖ ਭਾਈਚਾਰੇ ਦੇ ਦਰਦ ਦੀ ਡੂੰਘਾਈ ਨੂੰ ਦਰਸਾਉਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਕੌਮ ਉਸ ਸਮੇਂ ਦੇ ਜ਼ੁਲਮਾਂ ਜਿਵੇਂ ਕਿ ਗੈਰ-ਕਾਨੂੰਨੀ ਲਾਪਤਾ ਹੋਣ ਅਤੇ ਗੈਰ-ਕਾਨੂੰਨੀ ਸਸਕਾਰਾਂ ਦੇ ਦੁਖਾਂਤ ਨੂੰ ਝੱਲ ਰਹੀ ਹੈ।
"ਇਹ ਗਰਮਾ-ਗਰਮ ਸਿਨੇਮਾ ਨਹੀਂ, ਸੱਚਾਈ ਹੈ"
ਆਰ.ਪੀ. ਸਿੰਘ ਨੇ ਸਪੱਸ਼ਟ ਕੀਤਾ ਕਿ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਉਣ ਵਾਲੇ ਅੰਮ੍ਰਿਤ ਮਾਨ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਜਦੋਂ ਇੱਕ ਕਲਾਕਾਰ ਵੀ ਰਾਜਨੀਤਿਕ ਟਿੱਪਣੀਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਸਨੂੰ ਬੋਲਣ ਲਈ ਮਜਬੂਰ ਕੀਤਾ ਜਾਂਦਾ ਹੈ, ਤਾਂ ਇਹ ਸਿੱਖ ਕੌਮ ਦੇ ਦਰਦ ਨੂੰ ਦਰਸਾਉਂਦਾ ਹੈ।
ਫਿਲਮ ਦੇ ਨਿਰਦੇਸ਼ਕ ਹਨੀ ਟ੍ਰੇਹਨ ਨਾਲ ਗੱਲਬਾਤ ਦਾ ਹਵਾਲਾ ਦਿੰਦਿਆਂ ਆਰ.ਪੀ. ਸਿੰਘ ਨੇ ਕਿਹਾ ਕਿ 'ਦਿੱਲੀ 95' (ਪਹਿਲਾਂ 'ਪੰਜਾਬ-95') ਸਿਰਫ਼ ਨਿਆਂਇਕ ਰਿਕਾਰਡਾਂ ਅਤੇ ਦਸਤਾਵੇਜ਼ੀ ਅਦਾਲਤੀ ਕਾਰਵਾਈਆਂ 'ਤੇ ਆਧਾਰਿਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ: "ਇਹ ਕੋਈ ਗਰਮਾ-ਗਰਮ ਸਿਨੇਮਾ ਨਹੀਂ ਹੈ - ਇਹ ਪ੍ਰਮਾਣਿਤ ਇਤਿਹਾਸ ਹੈ"।
ਉਨ੍ਹਾਂ ਨੇ ਇਹ ਵੀ ਸਵਾਲ ਉਠਾਇਆ ਕਿ ਜਦੋਂ 'ਦਿ ਕਸ਼ਮੀਰ ਫਾਈਲਜ਼' ਵਰਗੀਆਂ ਫਿਲਮਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਰਿਲੀਜ਼ ਕਰਨ ਦੀ ਇਜਾਜ਼ਤ ਦਿੱਤੀ ਗਈ, ਤਾਂ ਇਸ ਫਿਲਮ ਨਾਲ ਵੱਖਰਾ ਵਿਵਹਾਰ ਕਿਉਂ ਕੀਤਾ ਜਾ ਰਿਹਾ ਹੈ।
Get all latest content delivered to your email a few times a month.