ਤਾਜਾ ਖਬਰਾਂ
ਤਰਨ ਤਾਰਨ, 26 ਅਕਤੂਬਰ:
ਤਰਨਤਾਰਨ ਵਿਧਾਨ ਸਭਾ ਹਲਕੇ ਦੇ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਅੱਜ ਦਾਅਵਾ ਕੀਤਾ ਕਿ ਇਹ ਚੋਣ ਤਰਨਤਾਰਨ ਦੇ ਭਵਿੱਖ ਦਾ ਫੈਸਲਾ ਕਰੇਗੀ। ਉਨ੍ਹਾਂ ਕਿਹਾ ਕਿ ਇਹ ਚੋਣ 'ਆਪ' ਸਰਕਾਰ ਦੀ 'ਕੰਮ ਦੀ ਰਾਜਨੀਤੀ' ਅਤੇ ਵਿਰੋਧੀਆਂ ਦੇ 'ਖੋਖਲੇ ਵਾਅਦਿਆਂ' ਵਿਚਕਾਰ ਸਿੱਧਾ ਮੁਕਾਬਲਾ ਹੈ। ਸੰਧੂ ਨੇ ਕਿਹਾ ਕਿ ਤਰਨਤਾਰਨ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਸਿਰਫ਼ ਜ਼ਮੀਨੀ ਪੱਧਰ 'ਤੇ ਹੋਏ ਵਿਕਾਸ ਕਾਰਜਾਂ ਨੂੰ ਦੇਖ ਕੇ ਹੀ ਵੋਟ ਪਾਉਣਗੇ।
ਪ੍ਰੈਸ ਬਿਆਨ ਜਾਰੀ ਕਰਦਿਆਂ ਹਰਮੀਤ ਸਿੰਘ ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਉਹ ਕਰਕੇ ਦਿਖਾਇਆ ਹੈ ਜੋ ਪਿਛਲੀਆਂ ਸਰਕਾਰਾਂ ਸਿਰਫ਼ ਗੱਲਾਂ ਵਿੱਚ ਕਰਦੀਆਂ ਸਨ। ਅਸੀਂ ਜ਼ਮੀਨੀ ਪੱਧਰ 'ਤੇ ਆਮ ਆਦਮੀ ਦੀ ਜ਼ਿੰਦਗੀ ਬਿਹਤਰ ਬਣਾਉਣ 'ਤੇ ਧਿਆਨ ਕੇਂਦਰਿਤ ਕੀਤਾ ਹੈ।"
ਹਰਮੀਤ ਸੰਧੂ ਨੇ ਵੇਰਵੇ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ 1 ਲੱਖ 81 ਹਜ਼ਾਰ 343 ਪੀ.ਐੱਚ ਕਾਰਡ ਧਾਰਕਾਂ ਅਤੇ 5585 ਅੰਤੋਦਿਆ ਅੰਨ ਯੋਜਨਾ ਦੇ ਲਾਭਪਾਤਰੀਆਂ ਤੱਕ ਰਾਸ਼ਨ ਪਹੁੰਚਦਾ ਕੀਤਾ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਹੀ 1 ਲੱਖ 05 ਹਜ਼ਾਰ 365 ਕੁਇੰਟਲ ਕਣਕ ਵੰਡਣਾ ਯਕੀਨੀ ਬਣਾਇਆ ਗਿਆ ਹੈ, ਤਾਂ ਜੋ ਕੋਈ ਗਰੀਬ ਭੁੱਖਾ ਨਾ ਸੌਂਵੇ।
ਕਿਸਾਨਾਂ ਦੇ ਮੁੱਦੇ 'ਤੇ ਬੋਲਦਿਆਂ ਸੰਧੂ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਮੰਡੀਆਂ 'ਚ ਰੁਲਣ ਤੋਂ ਬਚਾਇਆ ਹੈ। ਕਣਕ ਦੇ ਸੀਜ਼ਨ ਦੌਰਾਨ ਨਾ ਸਿਰਫ਼ ਫਸਲ ਦੀ ਸਮੇਂ ਸਿਰ ਚੁਕਾਈ ਹੋਈ, ਸਗੋਂ ਇਤਿਹਾਸ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਨਿਰਧਾਰਿਤ ਸਮੇਂ ਅੰਦਰ ਉਨ੍ਹਾਂ ਦੀ ਮਿਹਨਤ ਦੀ ਪੂਰੀ ਅਦਾਇਗੀ ਸਿੱਧੇ ਖਾਤਿਆਂ ਵਿੱਚ ਮਿਲੀ। ਖਰੀਦ ਤੋਂ ਲੈ ਕੇ ਸਟੋਰੇਜ ਤੱਕ ਦਾ ਪੂਰਾ ਪ੍ਰਬੰਧ ਸੁਚਾਰੂ ਢੰਗ ਨਾਲ ਕੀਤਾ ਗਿਆ, ਜੋ ਰਿਵਾਇਤੀ ਪਾਰਟੀਆਂ ਕਦੇ ਨਹੀਂ ਕਰ ਸਕੀਆਂ।
ਉਨ੍ਹਾਂ ਸਰਕਾਰ ਦੀ ਦੂਰਅੰਦੇਸ਼ੀ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਸਿਰਫ਼ ਅੱਜ ਦੀ ਨਹੀਂ, ਸਗੋਂ ਆਉਣ ਵਾਲੇ ਕੱਲ੍ਹ ਦੀ ਵੀ ਸੋਚ ਰਹੇ ਹਾਂ। ਫਸਲੀ ਵਿਭਿੰਨਤਾ ਤਹਿਤ ਜ਼ਿਲ੍ਹੇ 'ਚ ਝੋਨੇ ਹੇਠੋਂ ਰਕਬਾ ਘਟਾ ਕੇ ਬਾਸਮਤੀ ਹੇਠ ਲਿਆਂਦਾ ਗਿਆ ਹੈ। ਪਿਛਲੇ ਸਾਲ ਦੇ 52,000 ਹੈਕਟੇਅਰ ਦੇ ਮੁਕਾਬਲੇ ਇਸ ਸਾਲ 72,000 ਹੈਕਟੇਅਰ ਰਕਬੇ 'ਤੇ ਬਾਸਮਤੀ ਦੀ ਬਿਜਾਈ, ਸਾਡੀ ਸਰਕਾਰ ਦੀ ਕਿਸਾਨ-ਪੱਖੀ ਖੇਤੀਬਾੜੀ ਨੀਤੀ ਦੀ ਵੱਡੀ ਸਫਲਤਾ ਹੈ।
ਹਰਮੀਤ ਸਿੰਘ ਸੰਧੂ ਨੇ ਤਰਨਤਾਰਨ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਾਰੇ ਕੰਮ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਹੋਏ ਵਿਕਾਸ ਦੀ ਇੱਕ ਝਲਕ ਹਨ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਡੀ ਵੋਟ ਮੈਨੂੰ ਹੋਰ ਤਾਕਤ ਦੇਵੇਗੀ ਤਾਂ ਜੋ ਮੈਂ ਸਰਕਾਰ ਨਾਲ ਮਿਲ ਕੇ ਤਰਨਤਾਰਨ ਦੇ ਵਿਕਾਸ ਦੀ ਗਤੀ ਨੂੰ ਦੁੱਗਣਾ ਕਰ ਸਕਾਂ। ਮੈਨੂੰ ਪੂਰਾ ਯਕੀਨ ਹੈ ਕਿ ਲੋਕ ਇਸ ਵਾਰ ਰਿਵਾਇਤੀ ਪਾਰਟੀਆਂ ਨੂੰ ਨਕਾਰ ਕੇ 'ਕੰਮ ਦੀ ਰਾਜਨੀਤੀ' 'ਤੇ ਮੋਹਰ ਲਾਉਣਗੇ।
Get all latest content delivered to your email a few times a month.