ਤਾਜਾ ਖਬਰਾਂ
ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਹਲਕੇ ਦੇ ਪਿੰਡ ਪੁਰਾਣਾ ਸ਼ਾਲਾ ਦੇ 21 ਸਾਲਾ ਨੌਜਵਾਨ ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਪਰਿਵਾਰ ਨੇ ਅਮਰੀਕੀ ਅਧਿਕਾਰੀਆਂ 'ਤੇ ਉਨ੍ਹਾਂ ਦੇ ਪੁੱਤਰ ਨੂੰ ਇੱਕ ਗਲਤ ਮਾਮਲੇ ਵਿੱਚ ਫਸਾਉਣ ਦਾ ਦੋਸ਼ ਲਗਾਇਆ ਹੈ ਅਤੇ ਭਾਰਤੀ ਵਿਦੇਸ਼ ਮੰਤਰਾਲੇ ਤੋਂ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।
ਪਰਿਵਾਰ ਨੇ ਦਾਅਵਾ ਕੀਤਾ ਕਿ ਜਸ਼ਨਪ੍ਰੀਤ ਇੱਕ ਮਿਹਨਤੀ ਅਤੇ ਚੰਗੇ ਕਿਰਦਾਰ ਵਾਲਾ ਨੌਜਵਾਨ ਸੀ, ਪਰ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹੋਏ I-10 ਹਾਈਵੇ ਹਾਦਸੇ ਵਿੱਚ ਉਸ 'ਤੇ ਨਸ਼ਿਆਂ ਦੇ ਪ੍ਰਭਾਵ ਹੇਠ ਹੋਣ ਦਾ ਝੂਠਾ ਦੋਸ਼ ਲਗਾਇਆ ਗਿਆ ਹੈ। ਪਰਿਵਾਰ ਨੇ ਟੌਕਸੀਕੋਲੋਜੀ ਰਿਪੋਰਟ ਦੀ ਭਰੋਸੇਯੋਗਤਾ 'ਤੇ ਸਵਾਲ ਉਠਾਉਂਦਿਆਂ ਇਸਦੀ ਮੁੜ ਜਾਂਚ ਦੀ ਮੰਗ ਕੀਤੀ ਹੈ।
'ਅੰਮ੍ਰਿਤਧਾਰੀ ਸਿੱਖ 'ਤੇ ਨਸ਼ੇ ਦੇ ਦੋਸ਼ ਨਾਲ ਅਸਹਿ ਪੀੜਾ'
ਦੁਖੀ ਪਰਿਵਾਰ ਨੇ ਕਿਹਾ ਕਿ ਹਾਦਸਾ ਭਾਵੇਂ ਦੁਖਦਾਈ ਹੈ, ਪਰ ਜਸ਼ਨਪ੍ਰੀਤ ਨੂੰ ਬੇਵਜ੍ਹਾ ਦੋਸ਼ੀ ਠਹਿਰਾਉਣਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ, “ਸਾਡਾ ਪੁੱਤਰ ਇੱਕ ਅੰਮ੍ਰਿਤਧਾਰੀ ਸਿੱਖ ਹੈ ਜੋ ਹਮੇਸ਼ਾ ਧਾਰਮਿਕ ਅਨੁਸ਼ਾਸਨ ਨੂੰ ਤਰਜੀਹ ਦਿੰਦਾ ਰਿਹਾ ਹੈ। ਅਜਿਹੇ ਨੌਜਵਾਨ 'ਤੇ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਦੋਸ਼ ਲਗਾਉਣਾ ਸਾਡੇ ਲਈ ਬਹੁਤ ਅਸਹਿਣਯੋਗ ਹੈ।”
ਸੁਖਬੀਰ ਬਾਦਲ ਵੱਲੋਂ ਨਿਆਂ ਅਤੇ ਸਿੱਖ ਪਛਾਣ ਦੀ ਰਾਖੀ ਦੀ ਅਪੀਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਮਰੀਕੀ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਬੇਨਤੀ ਕੀਤੀ।
ਇਸ ਦੇ ਨਾਲ ਹੀ, ਸੁਖਬੀਰ ਬਾਦਲ ਨੇ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਵੀ ਵਿਸ਼ੇਸ਼ ਅਪੀਲ ਕੀਤੀ ਹੈ ਕਿ ਉਹ ਜਸ਼ਨਪ੍ਰੀਤ ਦੇ ਕਾਨੂੰਨੀ ਅਧਿਕਾਰਾਂ ਦੀ ਰਾਖੀ ਯਕੀਨੀ ਬਣਾਉਣ। ਉਨ੍ਹਾਂ ਜਸ਼ਨਪ੍ਰੀਤ ਦੀਆਂ ਅਦਾਲਤ ਵਿੱਚ ਬਿਨਾਂ ਦਸਤਾਰ ਦੇ ਤਸਵੀਰਾਂ ਸਾਹਮਣੇ ਆਉਣ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਸਿੱਖ ਪਛਾਣ ਦੀ ਉਲੰਘਣਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਇਨਸਾਫ਼ ਦਇਆ ਭਾਵਨਾ ਨਾਲ ਹੋਵੇਗਾ।
Get all latest content delivered to your email a few times a month.