ਤਾਜਾ ਖਬਰਾਂ
ਬਰਨਾਲਾ: ਪੰਜਾਬੀ ਗਾਇਕਾਂ ਵੱਲੋਂ ਗੀਤਾਂ ਰਾਹੀਂ ਵਿਵਾਦ ਪੈਦਾ ਕਰਨ ਦੀਆਂ ਘਟਨਾਵਾਂ ਵਿੱਚ ਇੱਕ ਹੋਰ ਵਾਧਾ ਹੋਇਆ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਨਾਲ ਸਬੰਧਤ ਪੰਜਾਬੀ ਗਾਇਕ ਗੁਲਾਬ ਸਿੱਧੂ ਖ਼ਿਲਾਫ਼ ਜ਼ਿਲ੍ਹੇ ਦੇ ਸੈਂਕੜੇ ਸਰਪੰਚਾਂ ਨੇ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਹ ਵਿਵਾਦ ਗਾਇਕ ਦੇ ਇੱਕ ਗੀਤ ਦੇ ਬੋਲਾਂ ਨੂੰ ਲੈ ਕੇ ਪੈਦਾ ਹੋਇਆ ਹੈ, ਜਿਸ ਵਿੱਚ ਉਸ ਨੇ ਚੁਣੇ ਹੋਏ ਸਰਪੰਚ ਅਤੇ ਪਿੰਡ ਦੇ ਲੋਕਾਂ ਨੂੰ ਕੁੱਟਣ ਦੀ ਧਮਕੀ ਦਿੱਤੀ ਹੈ।
ਵਿਰੋਧ ਵਜੋਂ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਸੈਂਕੜੇ ਸਰਪੰਚ DC ਦਫ਼ਤਰ ਦੇ ਗੇਟ ਦੇ ਬਾਹਰ ਇਕੱਠੇ ਹੋਏ ਅਤੇ ਗੁਲਾਬ ਸਿੱਧੂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਸਰਪੰਚਾਂ ਨੂੰ ਕੁੱਟਣ ਦੀ ਧਮਕੀ 'ਤੇ ਇਤਰਾਜ਼
ਇਸ ਮੌਕੇ ਸਰਪੰਚ ਕਰਨਦੀਪ ਸਿੰਘ, ਰਾਮ ਸਿੰਘ ਅਤੇ ਹੋਰਨਾਂ ਨੇ ਗੁਲਾਬ ਸਿੱਧੂ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਗਾਇਕ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ, ਪਰ ਉਹ ਇਸ ਗੀਤ ਦਾ ਵਿਰੋਧ ਕਰਨ ਲਈ ਇੱਕਜੁੱਟ ਹੋਏ ਹਨ। ਉਨ੍ਹਾਂ ਦੱਸਿਆ ਕਿ ਗਾਇਕ ਦੇ ਗੀਤ ਵਿੱਚ "ਸਣੇ ਸਰਪੰਚ ਸਾਰਾ ਪਿੰਡ ਕੁੱਟ ਦਿਊਂ" ਵਰਗੇ ਬੋਲ ਸ਼ਾਮਲ ਹਨ, ਜਿਸ ਨਾਲ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ।
ਸਰਪੰਚਾਂ ਨੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਦਿਨ-ਰਾਤ ਯੋਗਦਾਨ ਪਾਉਂਦੇ ਹਨ ਅਤੇ ਕਈ ਵਾਰ ਆਪਣੀ ਜੇਬ੍ਹ ਵਿੱਚੋਂ ਖਰਚ ਕਰਦੇ ਹਨ। ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ, ਗਾਇਕ ਨੇ ਸਿਰਫ ਪ੍ਰਸਿੱਧੀ ਹਾਸਲ ਕਰਨ ਲਈ ਜਾਣਬੁੱਝ ਕੇ ਇਹ ਵਿਵਾਦਪੂਰਨ ਗੀਤ ਗਾਇਆ ਹੈ। ਕੁਝ ਸਰਪੰਚਾਂ ਨੇ ਦੋਸ਼ ਲਾਇਆ ਕਿ ਗਾਇਕ ਸਸਤੀ ਸ਼ੋਹਰਤ ਖੱਟਣ ਲਈ ਜਨਤਕ ਤੌਰ 'ਤੇ ਅਜਿਹੀਆਂ ਟਿੱਪਣੀਆਂ ਕਰ ਰਹੇ ਹਨ।
ਗਾਇਕ ਦੀ ਮਾਫ਼ੀ ਨਾਮਨਜ਼ੂਰ, ਜਨਤਕ ਤੌਰ 'ਤੇ ਪੇਸ਼ ਹੋਣ ਦੀ ਮੰਗ
ਇਸ ਵਿਵਾਦ ਤੋਂ ਬਾਅਦ, ਗਾਇਕ ਗੁਲਾਬ ਸਿੱਧੂ ਨੇ ਅਗਲੇ ਹੀ ਦਿਨ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕਰਕੇ ਮੁਆਫ਼ੀ ਮੰਗ ਲਈ, ਪਰ ਸਰਪੰਚ ਇਸ 'ਤੇ ਅੜੇ ਹੋਏ ਹਨ ਕਿ ਉਹ ਮੁਆਫ਼ੀ ਨਾਮਨਜ਼ੂਰ ਕਰਦੇ ਹਨ।
ਸਰਪੰਚਾਂ ਦੀ ਮੁੱਖ ਮੰਗ ਹੈ ਕਿ ਗੁਲਾਬ ਸਿੱਧੂ ਨੂੰ ਸਰਪੰਚਾਂ ਦੇ ਇੱਕ ਵੱਡੇ ਇਕੱਠ ਵਿੱਚ ਖੁਦ ਪੇਸ਼ ਹੋ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸਦੇ ਨਾਲ ਹੀ, ਗੀਤ ਨੂੰ ਸਾਰੇ ਸੋਸ਼ਲ ਮੀਡੀਆ ਅਕਾਊਂਟਾਂ ਤੋਂ ਹਟਾਉਣ ਅਤੇ ਇਸ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ।
ਸਰਪੰਚਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਸਾਂਝੇ ਤੌਰ 'ਤੇ ਗਾਇਕ ਵਿਰੁੱਧ ਪੁਲਿਸ ਕਾਰਵਾਈ ਕਰਨਗੇ ਅਤੇ ਉਸਦੇ ਸੰਗੀਤ ਸਮਾਰੋਹਾਂ ਦਾ ਬਾਈਕਾਟ ਕਰਨਗੇ। ਉਨ੍ਹਾਂ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਡੀਜੇ ਮਾਲਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਡੀਜੇ 'ਤੇ ਇਹ ਗੀਤ ਨਾ ਚਲਾਉਣ, ਨਹੀਂ ਤਾਂ ਉਨ੍ਹਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਅਗਲਾ ਵੱਡਾ ਇਕੱਠ ਸੋਮਵਾਰ ਨੂੰ ਬਰਨਾਲਾ ਵਿੱਚ ਕਰਨ ਦਾ ਐਲਾਨ ਕੀਤਾ ਗਿਆ ਹੈ।
Get all latest content delivered to your email a few times a month.