ਤਾਜਾ ਖਬਰਾਂ
ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਨੋ ਵਿਖੇ ਦੇਰ ਰਾਤ ਕਰੀਬ 11 ਵਜੇ ਪਰਾਲੀ ਦੇ ਇੱਕ ਵੱਡੇ ਡੰਪ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਸ ਡੰਪ ਵਿੱਚ ਰੱਖੀਆਂ ਗਈਆਂ ਲਗਭਗ 120 ਟਰਾਲੀਆਂ ਪਰਾਲੀ ਸੜ ਕੇ ਸੁਆਹ ਹੋ ਗਈ, ਜਿਸ ਕਾਰਨ ਮਾਲਕ ਦਾ ਭਾਰੀ ਨੁਕਸਾਨ ਹੋਇਆ ਹੈ।
ਡੰਪ ਦੇ ਮਾਲਕ ਰਣਜੀਤ ਸਿੰਘ (ਵਾਸੀ ਬੌੜਾ ਕਲਾਂ) ਨੇ ਦੱਸਿਆ ਕਿ ਉਨ੍ਹਾਂ ਨੇ 13 ਵਿੱਘੇ ਜ਼ਮੀਨ ਠੇਕੇ 'ਤੇ ਲੈ ਕੇ ਇਹ ਪਰਾਲੀ ਦਾ ਭੰਡਾਰ ਬਣਾਇਆ ਸੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਕਰੀਬ 20-25 ਮਿੰਟਾਂ ਬਾਅਦ ਰਾਤ ਨੂੰ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ, ਪਰ ਅੱਗ ਇੰਨੀ ਭਿਆਨਕ ਸੀ ਕਿ ਸਵੇਰ ਦੇ 8 ਵਜੇ ਤੱਕ ਵੀ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਫਿਲਹਾਲ, ਦੋ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ।
ਰਣਜੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਨ੍ਹਾਂ ਦਾ ਤਕਰੀਬਨ 23-24 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਉਨ੍ਹਾਂ ਨੇ ਸਾਫ਼ ਕਿਹਾ ਕਿ ਅੱਗ ਕਿਸੇ ਸ਼ਾਰਟ ਸਰਕਟ ਕਾਰਨ ਨਹੀਂ ਲੱਗੀ, ਸਗੋਂ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਲਗਾਈ ਗਈ ਕਾਰਵਾਈ ਜਾਪਦੀ ਹੈ।
ਪੀੜਤ ਨੇ ਪ੍ਰਸ਼ਾਸਨ 'ਤੇ ਲਾਪਰਵਾਹੀ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਰਾਤ 11 ਵਜੇ ਹੀ ਪੁਲਿਸ ਚੌਂਕੀ ਚੰਨੋ ਨੂੰ ਸੂਚਿਤ ਕਰ ਦਿੱਤਾ ਸੀ ਅਤੇ ਸਰਪੰਚ ਨੇ ਵੀ ਚੌਂਕੀ ਇੰਚਾਰਜ ਨਾਲ ਗੱਲ ਕੀਤੀ ਸੀ, ਪਰ ਅਫ਼ਸੋਸ ਕਿ ਸਵੇਰ ਤੱਕ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਫਿਲਹਾਲ, ਸਿਰਫ ਫਾਇਰ ਬ੍ਰਿਗੇਡ ਦੇ ਕਰਮਚਾਰੀ ਹੀ ਅੱਗ ਬੁਝਾਉਣ ਦੀ ਜੱਦੋ-ਜਹਿਦ ਕਰ ਰਹੇ ਹਨ।
Get all latest content delivered to your email a few times a month.