ਤਾਜਾ ਖਬਰਾਂ
ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ 5 ਬੱਚੇ HIV ਪੌਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ 7 ਸਾਲ ਦਾ ਇੱਕ ਬੱਚਾ ਥੈਲੇਸੀਮੀਆ ਦਾ ਮਰੀਜ਼ ਵੀ ਹੈ। ਇਹ ਘਟਨਾ ਚਾਈਬਾਸਾ ਦੇ ਸਰਕਾਰੀ ਹਸਪਤਾਲ ਦੀ ਹੈ। ਬੱਚਿਆਂ ਦੇ HIV ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਰਾਜ ਵਿੱਚ ਹੜਕੰਪ ਮਚ ਗਿਆ ਹੈ। ਰਾਜਧਾਨੀ ਰਾਂਚੀ ਤੋਂ ਇੱਕ ਉੱਚ-ਪੱਧਰੀ ਮੈਡੀਕਲ ਟੀਮ ਹਸਪਤਾਲ ਦੇ ਬਲੱਡ ਬੈਂਕ ਦੀ ਜਾਂਚ ਕਰਨ ਲਈ ਚਾਈਬਾਸਾ ਪਹੁੰਚੀ ਹੈ।
ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ, ਇਹ ਮਾਮਲਾ ਸ਼ਨੀਵਾਰ, 25 ਅਕਤੂਬਰ ਨੂੰ ਸਾਹਮਣੇ ਆਇਆ ਹੈ। ਥੈਲੇਸੀਮੀਆ (ਇੱਕ ਕਿਸਮ ਦਾ ਬਲੱਡ ਡਿਸਆਰਡਰ) ਤੋਂ ਪੀੜਤ ਇੱਕ ਬੱਚੇ ਦੇ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਚਾਈਬਾਸਾ ਸਦਰ ਹਸਪਤਾਲ ਦੇ ਬਲੱਡ ਬੈਂਕ ਵਿੱਚ ਉਸਨੂੰ HIV ਸੰਕਰਮਿਤ ਖੂਨ ਚੜ੍ਹਾਇਆ ਗਿਆ ਸੀ। ਸ਼ਿਕਾਇਤ ਤੋਂ ਬਾਅਦ ਝਾਰਖੰਡ ਸਰਕਾਰ ਨੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਦਿਨੇਸ਼ ਕੁਮਾਰ ਦੀ ਅਗਵਾਈ ਵਿੱਚ ਦੋਸ਼ਾਂ ਦੀ ਜਾਂਚ ਲਈ ਪੰਜ ਮੈਂਬਰੀ ਮੈਡੀਕਲ ਟੀਮ ਭੇਜੀ ਹੈ।
ਸ਼ਨੀਵਾਰ 25 ਅਕਤੂਬਰ ਨੂੰ ਟੀਮ ਦੇ ਨਿਰੀਖਣ ਦੌਰਾਨ ਥੈਲੇਸੀਮੀਆ ਤੋਂ ਪੀੜਤ 4 ਹੋਰ ਬੱਚੇ HIV ਪੌਜ਼ੇਟਿਵ ਪਾਏ ਗਏ। ਇਸ ਨਾਲ HIV ਪੌਜ਼ੇਟਿਵ ਨਾਬਾਲਗਾਂ ਦੀ ਕੁੱਲ ਗਿਣਤੀ 5 ਹੋ ਗਈ। ਇਨ੍ਹਾਂ ਸਾਰੇ ਬੱਚਿਆਂ ਨੂੰ ਹਸਪਤਾਲ ਵਿੱਚ ਖੂਨ ਚੜ੍ਹਾਇਆ ਜਾ ਰਿਹਾ ਸੀ। ਡਾ. ਦਿਨੇਸ਼ ਕੁਮਾਰ ਨੇ ਮੀਡੀਆ ਨੂੰ ਦੱਸਿਆ, “ਮੁੱਢਲੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਥੈਲੇਸੀਮੀਆ ਦੇ ਇੱਕ ਮਰੀਜ਼ ਨੂੰ ਸੰਕਰਮਿਤ ਖੂਨ ਚੜ੍ਹਾਇਆ ਗਿਆ ਸੀ। ਜਾਂਚ ਦੌਰਾਨ ਬਲੱਡ ਬੈਂਕ ਵਿੱਚ ਕੁਝ ਗੜਬੜੀਆਂ ਪਾਈਆਂ ਗਈਆਂ ਹਨ। ਸਬੰਧਤ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।”
ਫਿਲਹਾਲ, ਹਸਪਤਾਲ ਦੇ ਬਲੱਡ ਬੈਂਕ ਨੂੰ ਸਿਰਫ ਐਮਰਜੈਂਸੀ ਵਜੋਂ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ। ਅਗਲੇ ਕੁਝ ਦਿਨਾਂ ਤੱਕ ਬਲੱਡ ਬੈਂਕ ਤੋਂ ਸਿਰਫ ਬਹੁਤ ਗੰਭੀਰ ਮਾਮਲਿਆਂ ਵਿੱਚ ਹੀ ਖੂਨ ਦਿੱਤਾ ਜਾਵੇਗਾ।
ਕਈ ਗੜਬੜੀਆਂ ਪਾਈਆਂ ਗਈਆਂ ਜਾਂਚ ਕਰਨ ਵਾਲੀ ਮੈਡੀਕਲ ਟੀਮ ਨੇ ਬਲੱਡ ਬੈਂਕ ਅਤੇ ਪੀਡੀਆਟ੍ਰਿਕ ICU ਦਾ ਦੌਰਾ ਕੀਤਾ। ਟੀਮ ਨੇ ਪ੍ਰਭਾਵਿਤ ਬੱਚਿਆਂ ਦੇ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ। ਜਾਂਚ ਦੌਰਾਨ ਮੈਡੀਕਲ ਟੀਮ ਨੂੰ ਬਲੱਡ ਬੈਂਕ ਵਿੱਚ ਕਈ ਕਮੀਆਂ ਮਿਲੀਆਂ। ਖੂਨ ਦੇ ਨਮੂਨੇ ਦੀ ਜਾਂਚ, ਰਿਕਾਰਡ ਦਾ ਰੱਖ-ਰਖਾਅ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਵਿੱਚ ਵੱਡੀਆਂ ਕਮੀਆਂ ਪਾਈਆਂ ਗਈਆਂ। ਮੈਡੀਕਲ ਟੀਮ ਨੇ ਇਨ੍ਹਾਂ ਗੜਬੜੀਆਂ ਦੀ ਰਿਪੋਰਟ ਬਣਾ ਕੇ ਰਾਜ ਸਿਹਤ ਵਿਭਾਗ ਨੂੰ ਸੌਂਪੀ ਹੈ।
ਜ਼ਿਲ੍ਹਾ ਸਿਵਲ ਸਰਜਨ ਡਾ. ਸੁਸ਼ਾਂਤੋ ਕੁਮਾਰ ਮਾਝੀ ਦਾ ਕਹਿਣਾ ਹੈ ਕਿ ਲਾਗ ਕਿਵੇਂ ਫੈਲੀ, ਇਹ ਪਤਾ ਲਗਾਉਣ ਲਈ ਵਿਸਥਾਰ ਨਾਲ ਜਾਂਚ ਚੱਲ ਰਹੀ ਹੈ। ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਲਾਗ ਸਿਰਫ ਖੂਨ ਚੜ੍ਹਾਉਣ ਨਾਲ ਹੋਈ। ਉਨ੍ਹਾਂ ਇਹ ਵੀ ਕਿਹਾ ਕਿ HIV ਦੀ ਲਾਗ ਵਾਲੀਆਂ ਸੂਈਆਂ ਦੇ ਸੰਪਰਕ ਵਿੱਚ ਆਉਣ ਨਾਲ ਵੀ ਹੋ ਸਕਦੀ ਹੈ।
ਦੂਜੇ ਪਾਸੇ, ਮੰਝਾਰੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਮਾਧਵ ਚੰਦਰ ਕੁੰਕਲ ਨੇ ਕਿਹਾ ਕਿ ਇਹ ਘਟਨਾ “ਨਿੱਜੀ ਦੁਸ਼ਮਣੀ” ਦਾ ਨਤੀਜਾ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬਲੱਡ ਬੈਂਕ ਦੇ ਇੱਕ ਕਰਮਚਾਰੀ ਅਤੇ ਬੱਚੇ ਦੇ ਰਿਸ਼ਤੇਦਾਰ ਵਿਚਕਾਰ ਝਗੜਾ ਚੱਲ ਰਿਹਾ ਸੀ, ਜੋ ਪਿਛਲੇ ਇੱਕ ਸਾਲ ਤੋਂ ਅਦਾਲਤ ਵਿੱਚ ਪੈਂਡਿੰਗ ਹੈ।
ਹਾਈਕੋਰਟ ਨੇ ਲਿਆ ਨੋਟਿਸ ਮਾਮਲਾ ਹੁਣ ਝਾਰਖੰਡ ਹਾਈਕੋਰਟ ਪਹੁੰਚ ਗਿਆ ਹੈ। ਅਦਾਲਤ ਨੇ ਨੋਟਿਸ ਲੈਂਦਿਆਂ ਰਾਜ ਦੇ ਸਿਹਤ ਸਕੱਤਰ ਅਤੇ ਜ਼ਿਲ੍ਹੇ ਦੇ ਸਿਵਲ ਸਰਜਨ ਤੋਂ ਰਿਪੋਰਟ ਤਲਬ ਕੀਤੀ ਹੈ। ਅਧਿਕਾਰਤ ਰਿਕਾਰਡ ਅਨੁਸਾਰ, ਵਰਤਮਾਨ ਵਿੱਚ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ 515 HIV ਪੌਜ਼ੇਟਿਵ ਮਾਮਲੇ ਅਤੇ 56 ਥੈਲੇਸੀਮੀਆ ਦੇ ਮਰੀਜ਼ ਹਨ। ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਖੂਨਦਾਨ ਨਾਲ ਜੁੜੇ ਸਾਰੇ ਡੋਨਰਾਂ ਦਾ ਪਤਾ ਲਗਾਉਣ ਤਾਂ ਜੋ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
Get all latest content delivered to your email a few times a month.