ਤਾਜਾ ਖਬਰਾਂ
ਫਰੀਦਕੋਟ ਦੇ ਪਿੰਡ ਬਰਗਾੜੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਪਰਿਵਾਰ, ਜੋ ਪੂਰੀ ਖੁਸ਼ੀ ਨਾਲ ਆਪਣੀ ਧੀ ਦੀ ਸ਼ਾਦੀ ਦੀਆਂ ਤਿਆਰੀਆਂ ਕਰ ਰਿਹਾ ਸੀ, ਉਹਨਾਂ ਨੂੰ ਅਚਾਨਕ ਹੀ ਉਸੇ ਧੀ ਦੀ ਅਰਥੀ ਉਠਾਉਣੀ ਪਈ।
ਜਾਣਕਾਰੀ ਅਨੁਸਾਰ, ਬਰਗਾੜੀ ਦੀ ਰਹਿਣ ਵਾਲੀ ਪੂਜਾ ਨਾਮ ਦੀ ਨੌਜਵਾਨ ਕੁੜੀ ਦਾ ਰਿਸ਼ਤਾ ਨਾਲ ਦੇ ਪਿੰਡ ਰਾਊਕੇ ਦੇ ਨੌਜਵਾਨ ਨਾਲ ਹੋਇਆ ਸੀ, ਜੋ ਦੁਬਈ ਵਿੱਚ ਰਹਿੰਦਾ ਸੀ। ਦੋਹਾਂ ਪਰਿਵਾਰਾਂ ਨੇ ਆਪਸੀ ਰਜਾਮੰਦੀ ਨਾਲ ਵੀਡੀਓ ਕਾਲ ਰਾਹੀਂ ਮੰਗਣੀ ਦੀ ਰਸਮ ਪੂਰੀ ਕੀਤੀ ਸੀ। ਹਾਲਾਂਕਿ ਦੋਵੇਂ ਦੀ ਅਜੇ ਤੱਕ ਰੂਬਰੂ ਮੁਲਾਕਾਤ ਨਹੀਂ ਹੋਈ ਸੀ, ਪਰ ਦੋਹਾਂ ਪਰਿਵਾਰਾਂ ਵਿੱਚ ਪਿਆਰ ਅਤੇ ਖੁਸ਼ੀ ਦਾ ਮਾਹੌਲ ਸੀ।
ਕੁਝ ਦਿਨ ਪਹਿਲਾਂ ਹੀ ਲੜਕਾ ਵਿਦੇਸ਼ ਤੋਂ ਵਾਪਸ ਆਇਆ ਸੀ ਅਤੇ ਦੋਹਾਂ ਪਾਸਿਆਂ ਵੱਲੋਂ ਵਿਆਹ ਦੀਆਂ ਤਿਆਰੀਆਂ ਜੋਰਾਂ ’ਤੇ ਚੱਲ ਰਹੀਆਂ ਸਨ। ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਦੀ ਰਸਮ ਦੌਰਾਨ ਪੂਜਾ ਨੇ ਆਪਣੇ ਰਿਸ਼ਤੇਦਾਰਾਂ ਨਾਲ ਖੂਬ ਖੁਸ਼ੀ ਮਨਾਈ। ਪਰ ਉਸੇ ਰਾਤ ਲਗਭਗ ਦੋ ਵਜੇ, ਉਸ ਦੇ ਨੱਕ ਵਿਚੋਂ ਖੂਨ ਵਗਣ ਲੱਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ। ਅਫਸੋਸ ਦੀ ਗੱਲ ਹੈ ਕਿ ਡਾਕਟਰਾਂ ਨੇ ਪੂਜਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪਰਿਵਾਰ ਦੇ ਮੈਂਬਰਾਂ ਅਨੁਸਾਰ, ਡਾਕਟਰਾਂ ਨੇ ਦੱਸਿਆ ਕਿ ਪੂਜਾ ਨੂੰ ਦਿਲ ਦਾ ਦੌਰਾ ਪਿਆ ਸੀ। ਖੁਸ਼ੀਆਂ ਨਾਲ ਭਰਪੂਰ ਘਰ ਪਲਕ ਝਪਕਦੇ ਹੀ ਸੋਗ ਵਿਚ ਬਦਲ ਗਿਆ। ਪਿੰਡ ਵਿੱਚ ਚੁੱਪਕਾਰਾ ਛਾਇਆ ਹੋਇਆ ਹੈ ਅਤੇ ਹਰ ਕਿਸੇ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ।
ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਡੋਲੀ ਤੁਰਨੀ ਸੀ, ਉੱਥੇ ਹੀ ਉਸੇ ਸੂਟ ਵਿੱਚ ਧੀ ਦੀ ਅਰਥੀ ਉੱਠਣੀ ਪਰਿਵਾਰ ਲਈ ਜੀਵਨ ਦਾ ਸਭ ਤੋਂ ਵੱਡਾ ਸਦਮਾ ਬਣ ਗਈ।
Get all latest content delivered to your email a few times a month.