ਤਾਜਾ ਖਬਰਾਂ
ਪੰਜਾਬ ਦੀਆਂ ਮੰਡੀਆਂ ਵਿੱਚ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਕਾਲਾਬਾਜ਼ਾਰੀ ਕਰਨ ਵਾਲੇ ਵਪਾਰੀਆਂ 'ਤੇ ਕਿਸਾਨਾਂ ਨੇ ਵੱਡਾ ਸਿਕੰਜਾ ਕੱਸਿਆ ਹੈ। ਅਬੋਹਰ ਵਿੱਚ ਕਿਸਾਨਾਂ ਨੇ ਰਾਜਸਥਾਨ ਤੋਂ ਆ ਰਹੀਆਂ ਝੋਨੇ ਨਾਲ ਭਰੀਆਂ ਦੋ ਟਰੈਕਟਰ-ਟਰਾਲੀਆਂ ਨੂੰ ਕਾਬੂ ਕਰ ਲਿਆ। ਕਿਸਾਨਾਂ ਦਾ ਦੋਸ਼ ਹੈ ਕਿ ਇਹ ਝੋਨਾ ਐਮਐਸਪੀ (MSP) 'ਤੇ ਵੇਚ ਕੇ ਸੂਬੇ ਦੇ ਕਿਸਾਨਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ।
ਕਿਸਾਨਾਂ ਨੇ ਨਾਕਾਬੰਦੀ ਕਰਕੇ ਦੋਵੇਂ ਟਰਾਲੀਆਂ ਅਤੇ ਉਨ੍ਹਾਂ ਦੇ ਡਰਾਈਵਰਾਂ ਨੂੰ ਫੜਿਆ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਪੁੱਛਗਿੱਛ ਦੌਰਾਨ ਡਰਾਈਵਰ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ ਅਤੇ ਬਾਅਦ ਵਿੱਚ ਮੰਨਿਆ ਕਿ ਝੋਨਾ ਰਾਜਸਥਾਨ ਦੇ ਪੀਲੀ ਬੰਗਾ ਇਲਾਕੇ ਤੋਂ ਲਿਆਂਦਾ ਗਿਆ ਸੀ।
ਪੁਲਿਸ ਦੀ ਢਿੱਲ ਬਰਦਾਸ਼ਤ ਨਹੀਂ: ਕਿਸਾਨ
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਇਹ ਸਾਰਾ ਕਾਰੋਬਾਰ ਵਪਾਰੀਆਂ ਅਤੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ। ਉਨ੍ਹਾਂ ਤੁਰੰਤ ਥਾਣਾ ਬਹਾਵ ਵਾਲਾ ਪੁਲਿਸ ਨੂੰ ਡਰਾਈਵਰਾਂ ਸਮੇਤ ਟਰੈਕਟਰ-ਟਰਾਲੀਆਂ ਸੌਂਪ ਦਿੱਤੀਆਂ ਅਤੇ ਬਣਦੀ ਕਾਰਵਾਈ ਦੀ ਮੰਗ ਕੀਤੀ।
ਪੁਲਿਸ ਮੁਲਾਜ਼ਮਾਂ ਨੇ ਮਾਮਲੇ ਦੀ ਪੂਰੀ ਜਾਂਚ ਕਰਨ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪਰ ਕਿਸਾਨ ਆਗੂਆਂ ਨੇ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਾਂਚ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਲਾਪਰਵਾਹੀ ਵਰਤੀ ਗਈ, ਤਾਂ ਉਹ ਇਸਦੇ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
Get all latest content delivered to your email a few times a month.