ਤਾਜਾ ਖਬਰਾਂ
ਪੰਜਾਬ ਵਿੱਚ ਦਵਾਈਆਂ ਦੀ ਗੁਣਵੱਤਾ ਨੂੰ ਲੈ ਕੇ ਇੱਕ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਔਸ਼ਧੀ ਮਿਆਰ ਨਿਯੰਤਰਣ ਸੰਗਠਨ (CDSCO) ਵੱਲੋਂ ਕੀਤੇ ਗਏ ਗੁਣਵੱਤਾ ਟੈਸਟ ਵਿੱਚ ਪੰਜਾਬ ਵਿੱਚ ਬਣੀਆਂ 11 ਦਵਾਈਆਂ ਦੇ ਸੈਂਪਲ ਫੇਲ੍ਹ ਹੋ ਗਏ ਹਨ, ਜਿਸ ਵਿੱਚ ਤਿੰਨ ਕਫ਼ ਸੀਰਪ ਵੀ ਸ਼ਾਮਲ ਹਨ। ਇਸ ਖੁਲਾਸੇ ਤੋਂ ਬਾਅਦ ਕਈ ਦਵਾਈ ਨਿਰਮਾਤਾ ਕੰਪਨੀਆਂ ਸ਼ੱਕ ਦੇ ਘੇਰੇ ਵਿੱਚ ਆ ਗਈਆਂ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
CDSCO ਦੀ ਸਤੰਬਰ 2025 ਵਿੱਚ ਜਾਰੀ ਕੀਤੀ ਗਈ ਇਸ ਰਿਪੋਰਟ ਨੇ ਦੇਸ਼ ਭਰ ਵਿੱਚ ਦਵਾਈਆਂ ਦੀ ਗੁਣਵੱਤਾ 'ਤੇ ਵੱਡਾ ਸਵਾਲ ਖੜ੍ਹਾ ਕੀਤਾ ਹੈ। ਦੇਸ਼ ਭਰ ਵਿੱਚ ਕੁੱਲ 112 ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ, ਜਿਨ੍ਹਾਂ ਵਿੱਚੋਂ 11 ਸੈਂਪਲ ਪੰਜਾਬ ਦੀਆਂ ਫਾਰਮਾ ਕੰਪਨੀਆਂ ਨਾਲ ਸਬੰਧਤ ਹਨ। ਸਭ ਤੋਂ ਵੱਧ 49 ਦਵਾਈਆਂ ਹਿਮਾਚਲ ਪ੍ਰਦੇਸ਼ ਦੀਆਂ ਸਨ, ਜਦੋਂ ਕਿ 16 ਗੁਜਰਾਤ ਅਤੇ 12 ਉੱਤਰਾਖੰਡ ਦੀਆਂ ਸਨ।
ਜਾਲੰਧਰ ਦੀ ਕੰਪਨੀ ਦੀ ਪੈਰਾਸਿਟਾਮੋਲ ਵੀ ਫੇਲ੍ਹ
ਰਿਪੋਰਟ ਦੀ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਫੇਲ੍ਹ ਹੋਏ ਸੈਂਪਲਾਂ ਵਿੱਚ ਤਿੰਨ ਕਫ਼ ਸੀਰਪ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਇੱਕ ਨਕਲੀ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਜਲੰਧਰ ਵਿੱਚ ਬਣਨ ਵਾਲੀ ਇੱਕ ਕੰਪਨੀ ਦੀ ਪੈਰਾਸਿਟਾਮੋਲ ਟੈਬਲੇਟ ਵੀ ਟੈਸਟ ਵਿੱਚ ਫੇਲ੍ਹ ਹੋ ਗਈ ਹੈ। ਇਹ ਫੇਲ੍ਹ ਹੋਈਆਂ ਦਵਾਈਆਂ ਦਿਲ, ਕੈਂਸਰ, ਸ਼ੂਗਰ, ਹਾਈ ਬੀਪੀ, ਦਮਾ ਅਤੇ ਮਿਰਗੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ।
ਜ਼ਿਲ੍ਹਾ/ਸਥਾਨ ਦਵਾਈ ਦਾ ਨਾਮ ਵਰਤੋਂ ਰਿਜੈਕਸ਼ਨ ਕਾਰਨ
ਜਲੰਧਰ ਪੈਰਾਸਿਟਾਮੋਲ, ਫੇਨਿਲਫ੍ਰੀਨ ਅਤੇ ਜ਼ੁਕਾਮ, ਖੰਘ, ਐਲਰਜੀ ਐਸੇ ਟੈਸਟ ਵਿੱਚ ਫੇਲ੍ਹ
ਕਲੋਰਫੇਨਿਰਾਮਾਈਨ ਸਸਪੈਂਸ਼ਨ
ਮੋਹਾਲੀ ਏਜੇਨ-20 (ਰਪੇਬਰਾਜ਼ੋਲ ਟੈਬਲੇਟ) ਪੇਟ ਦੀ ਐਸਿਡਿਟੀ ਐਸਿਡ ਸਟੇਜ ਅਤੇ ਬਫਰ ਸਟੇਜ ਵਿੱਚ ਅਸਫਲ
ਮੋਹਾਲੀ ਪੈਂਜੋਲ-40 (ਪੈਂਟੋਪ੍ਰੇਜ਼ੋਲ ਟੈਬਲੇਟ) ਐਸਿਡਿਟੀ ਅਤੇ ਅਲਸਰ ਘੁਲਣ (ਡਿਸੋਲਿਊਸ਼ਨ) ਟੈਸਟ ਵਿੱਚ ਫੇਲ੍ਹ
ਮੋਹਾਲੀ ਰੈਕਸੋਫੇਨ (ਇਬੁਪ੍ਰੋਫੇਨ ਅਤੇ ਪੈਰਾਸਿਟਾਮੋਲ) ਦਰਦ ਅਤੇ ਬੁਖਾਰ ਘੁਲਣ ਟੈਸਟ ਵਿੱਚ ਅਸਫਲ
ਗੁਰਦਾਸਪੁਰ ਪੋਡੋਰਮ (ਸੈਫਪੋਡੋਕਸਿਮ ਟੈਬਲੇਟ) ਬੈਕਟੀਰੀਆ ਦੀ ਲਾਗ ਡਿਸੋਲਿਊਸ਼ਨ ਅਤੇ ਮਾਤਰਾ ਟੈਸਟ ਵਿੱਚ ਨੁਕਸ
ਗੁਰਦਾਸਪੁਰ ਸਾਈਪ੍ਰੋਹੈਪਟਾਡੀਨ ਟੈਬਲੇਟ ਐਲਰਜੀ ਅਤੇ ਅਸਥਮਾ ਹਾਈਡ੍ਰੋਕਲੋਰਾਈਡ ਦੀ ਮਾਤਰਾ ਵਿੱਚ ਅੰਤਰ
ਗੁਰਦਾਸਪੁਰ ਲੋਪਰਾਮਾਈਡ ਹਾਈਡਰੋ ਕਲੋਰਾਈਡ ਕੈਪਸੂਲ ਦਸਤ ਰੋਕਣ ਲਈ ਡਿਸੋਲਿਊਸ਼ਨ ਟੈਸਟ ਵਿੱਚ ਫੇਲ੍ਹ
ਪੰਜਾਬ ਸਰਕਾਰ ਦੀ ਤੁਰੰਤ ਕਾਰਵਾਈ:
ਸੀਡੀਐਸਸੀਓ ਦੀ ਰਿਪੋਰਟ ਤੋਂ ਬਾਅਦ, ਇਨ੍ਹਾਂ ਫੇਲ੍ਹ ਹੋਈਆਂ ਦਵਾਈਆਂ ਦੇ ਸਬੰਧਤ ਬੈਚਾਂ ਨੂੰ ਬਾਜ਼ਾਰ ਵਿੱਚੋਂ ਹਟਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਸਬੰਧਤ ਫਾਰਮਾ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਬੱਚਿਆਂ ਦੀ ਮੌਤ ਨਾਲ ਜੁੜੇ ਕਫ਼ ਸੀਰਪ 'ਕੋਲਡ੍ਰਿਫ਼' ਸਮੇਤ 8 ਦਵਾਈਆਂ ਦੀ ਵਿਕਰੀ ਅਤੇ ਖਰੀਦ 'ਤੇ ਪਾਬੰਦੀ ਲਗਾ ਦਿੱਤੀ ਸੀ। ਸਿਹਤ ਵਿਭਾਗ ਨੇ ਸਾਰੇ ਮੈਡੀਕਲ ਸਟੋਰਾਂ, ਡਾਕਟਰਾਂ ਅਤੇ ਹਸਪਤਾਲਾਂ ਨੂੰ ਤੁਰੰਤ ਆਦੇਸ਼ ਦਿੱਤਾ ਹੈ ਕਿ ਉਹ ਇਨ੍ਹਾਂ ਦਵਾਈਆਂ ਦਾ ਸਟਾਕ ਜਮ੍ਹਾਂ ਕਰਵਾਉਣ ਅਤੇ ਮਰੀਜ਼ਾਂ ਲਈ ਸੁਰੱਖਿਅਤ ਬਦਲ ਮੁਹੱਈਆ ਕਰਵਾਉਣ। ਇਹ ਜਾਂਚ 52 ਕੇਂਦਰੀ ਅਤੇ ਰਾਜ ਪੱਧਰੀ ਲੈਬਾਂ ਵਿੱਚ ਕੀਤੀ ਗਈ ਸੀ।
Get all latest content delivered to your email a few times a month.