ਤਾਜਾ ਖਬਰਾਂ
ਪੰਜਾਬ ਦੀ ਰਾਜ ਸਭਾ ਉਪ-ਚੋਣ ਨਾਲ ਜੁੜੇ ਕਥਿਤ ਫਰਜ਼ੀਵਾੜੇ ਮਾਮਲੇ ਵਿੱਚ ਗ੍ਰਿਫ਼ਤਾਰ ਨਵਨੀਤ ਚਤੁਰਵੇਦੀ ਨੂੰ ਰੋਪੜ ਦੀ ਸੀਜੇਐਮ ਅਦਾਲਤ ਵੱਲੋਂ 6 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ। ਅੱਜ ਉਸਨੂੰ ਪੁਲਿਸ ਹਿਰਾਸਤ ਸਮਾਪਤ ਹੋਣ ਮਗਰੋਂ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ ਇਸ ਵਾਰ ਚਤੁਰਵੇਦੀ ਦੇ ਹੋਰ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ, ਜਿਸ ਮਗਰੋਂ ਅਦਾਲਤ ਨੇ ਉਸਨੂੰ ਰੋਪੜ ਜੇਲ੍ਹ ਭੇਜ ਦਿੱਤਾ।
ਅਦਾਲਤੀ ਕਾਰਵਾਈ ਦੌਰਾਨ ਨਵਨੀਤ ਚਤੁਰਵੇਦੀ ਦੇ ਦਸਤਖ਼ਤਾਂ ਦੇ ਨਮੂਨੇ ਲਏ ਗਏ ਹਨ, ਜੋ ਹੁਣ ਫੋਰੈਂਸਿਕ ਜਾਂਚ ਲਈ ਭੇਜੇ ਜਾਣਗੇ। ਇਸ ਨਾਲ ਨਾਲ, ਪੁਲਿਸ ਵੱਲੋਂ ਉਸਦਾ ਮੋਬਾਇਲ ਸਿਮ ਕਾਰਡ ਡੁਪਲੀਕੇਟ ਕਢਵਾਉਣ ਦੀ ਅਰਜ਼ੀ ਵੀ ਮਨਜ਼ੂਰ ਹੋ ਗਈ ਹੈ।
ਦੂਜੇ ਪਾਸੇ, ਚਤੁਰਵੇਦੀ ਦੇ ਵਕੀਲ ਹੇਮੰਤ ਚੋਧਰੀ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਜੇਲ੍ਹ ਵਿੱਚ ਉਸਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਉਸਨੂੰ ਖਤਰੇ ਦੀ ਸੰਭਾਵਨਾ ਹੈ। ਅਦਾਲਤ ਨੇ ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਚੰਡੀਗੜ੍ਹ ਪੁਲਿਸ ਦੇ ਐਸਐਚਓ ਨੂੰ ਹਾਜ਼ਰ ਹੋਣ ਦੇ ਹੁਕਮ ਦਿੱਤੇ ਸਨ, ਪਰ ਅੱਜ ਸਬ-ਇੰਸਪੈਕਟਰ ਪਰਮਿੰਦਰ ਸਿੰਘ ਪੇਸ਼ ਹੋਏ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਐਸਐਚਓ ਖੁਦ ਕੱਲ੍ਹ ਅਦਾਲਤ ਵਿੱਚ ਹਾਜ਼ਰ ਹੋਵੇ।
ਯਾਦ ਰਹੇ ਕਿ ਰੋਪੜ ਪੁਲਿਸ ਨੇ ਹਾਲ ਹੀ ਵਿੱਚ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਗ੍ਰਿਫ਼ਤਾਰੀ ਉਸ ਸਮੇਂ ਹੋਈ ਜਦੋਂ ਚੰਡੀਗੜ੍ਹ ਤੇ ਪੰਜਾਬ ਪੁਲਿਸ ਵਿਚਕਾਰ ਉਸਦੀ ਹਿਰਾਸਤ ਨੂੰ ਲੈ ਕੇ ਤਣਾਅ ਬਣ ਗਿਆ ਸੀ। ਚਤੁਰਵੇਦੀ ਨੇ ਰਾਜ ਸਭਾ ਦੀ ਖਾਲੀ ਸੀਟ ਲਈ ਨਾਮਜ਼ਦਗੀ ਦਾਇਰ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਉਸਨੂੰ 10 ‘ਆਪ’ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ, ਪਰ ਬਾਅਦ ਵਿੱਚ ਵਿਧਾਇਕਾਂ ਨੇ ਇਸ ਸਮਰਥਨ ਨੂੰ ਫਰਜ਼ੀ ਕਹਿ ਕੇ ਖੰਡਨ ਕਰ ਦਿੱਤਾ ਸੀ।
Get all latest content delivered to your email a few times a month.