ਤਾਜਾ ਖਬਰਾਂ
ਸਿੱਖ ਪੰਥ ਲਈ ਇਕਜੁੱਟਤਾ ਅਤੇ ਖੁਸ਼ੀ ਦੀ ਵੱਡੀ ਖ਼ਬਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਲਗਾਤਾਰ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪਿਆ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਆਖਰਕਾਰ ਹੱਲ ਹੋ ਗਿਆ ਹੈ।
25 ਅਕਤੂਬਰ ਨੂੰ ਹੋਵੇਗਾ ਵਿਸ਼ੇਸ਼ ਸਨਮਾਨ ਸਮਾਗਮ
ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਬਤੌਰ ਜਥੇਦਾਰ ਨਿਯੁਕਤੀ ਦਾ ਨਿਹੰਗ ਸਿੰਘ ਦਲਾਂ, ਸੰਪਰਦਾਵਾਂ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਪਹਿਲਾਂ ਵਿਰੋਧ ਕੀਤਾ ਜਾ ਰਿਹਾ ਸੀ। ਹੁਣ ਇਨ੍ਹਾਂ ਸਾਰੀਆਂ ਜਥੇਬੰਦੀਆਂ ਨੇ ਉਨ੍ਹਾਂ ਪ੍ਰਤੀ ਭਰੋਸੇਯੋਗਤਾ ਪ੍ਰਗਟਾਈ ਹੈ।
ਇਸ ਪ੍ਰਵਾਨਗੀ ਦੀ ਪੁਸ਼ਟੀ ਵਜੋਂ, 25 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਰੋਪੜ) ਵਿਖੇ ਸਵੇਰੇ 10:00 ਵਜੇ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾਵੇਗਾ।
ਪੰਥਕ ਜ਼ਿੰਮੇਵਾਰੀ ਸੌਂਪਣ ਦੀ ਰਸਮ
ਇਹ ਦੂਜੀ ਵਾਰ ਹੈ ਜਦੋਂ ਗਿਆਨੀ ਗੜਗੱਜ ਦੀ ਦਸਤਾਰਬੰਦੀ ਹੋ ਰਹੀ ਹੈ। ਇਸ ਤੋਂ ਪਹਿਲਾਂ 10 ਮਾਰਚ ਨੂੰ ਐਸਜੀਪੀਸੀ ਵੱਲੋਂ ਉਨ੍ਹਾਂ ਨੂੰ ਜਥੇਦਾਰ ਬਣਾਇਆ ਗਿਆ ਸੀ, ਪਰ ਨਿਹੰਗ ਸਿੰਘ ਜਥੇਬੰਦੀਆਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਪ੍ਰਵਾਨ ਨਹੀਂ ਕੀਤਾ ਸੀ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਇੱਕ ਪੱਤਰ ਜਾਰੀ ਕਰਕੇ ਸਾਰੇ ਪੰਥਕ ਮੁਖੀਆਂ ਨੂੰ ਬੇਨਤੀ ਕੀਤੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਕੇ ਦੀ 350ਵੀਂ ਸ਼ਤਾਬਦੀ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ, ਨਿਹੰਗ ਸਿੰਘ ਦਲਾਂ, ਸੰਪਰਦਾਵਾਂ ਅਤੇ ਮਹਾਪੁਰਖਾਂ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਾਨ-ਸਨਮਾਨ ਦੇ ਕੇ ਉਨ੍ਹਾਂ ਦੀ ਪੰਥਕ ਜ਼ਿੰਮੇਵਾਰੀ ਪੱਕੇ ਤੌਰ 'ਤੇ ਸੌਂਪੀ ਜਾਵੇ।
ਇਸ ਸਮਾਗਮ ਨਾਲ ਸਿੱਖ ਜਥੇਬੰਦੀਆਂ ਵਿੱਚ ਚੱਲ ਰਹੇ ਮਤਭੇਦਾਂ ਦਾ ਅੰਤ ਹੋਣ ਦੀ ਉਮੀਦ ਹੈ।
Get all latest content delivered to your email a few times a month.