ਤਾਜਾ ਖਬਰਾਂ
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਦੇ ਗੰਭੀਰ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਬਿਆਨ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਗਰਗ ਨੇ ਦੋਸ਼ ਲਾਇਆ ਕਿ ਸਿਰਸਾ ਸਿਰਫ਼ ਆਪਣੀ ਸਿਆਸਤ ਚਮਕਾਉਣ ਅਤੇ ਦਿੱਲੀ ਵਿੱਚ ਆਪਣੇ ਆਕਾਵਾਂ ਦੀ ਚਾਪਲੂਸੀ ਕਰਨ ਲਈ ਪੰਜਾਬ ਅਤੇ ਇੱਥੋਂ ਦੇ ਮਿਹਨਤੀ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ।
ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਨੀਲ ਗਰਗ ਨੇ ਕਿਹਾ ਕਿ ਭਾਜਪਾ ਆਗੂਆਂ ਦੀ ਇਹ ਪੁਰਾਣੀ ਆਦਤ ਹੈ ਕਿ ਉਹ ਅਕਸਰ ਝੂਠ ਬੋਲਦੇ ਹਨ, ਪਰ ਅੱਜ ਮਨਜਿੰਦਰ ਸਿਰਸਾ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਸਿਰਸਾ ਨੂੰ ਸਵਾਲ ਕਰਦਿਆਂ ਕਿਹਾ, "ਜੇਕਰ ਪੰਜਾਬ ਦੀ ਪਰਾਲੀ ਹੀ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ, ਤਾਂ ਪੰਜਾਬ ਵਿੱਚ ਔਸਤ AQI ਲੈਵਲ ਸਿਰਫ 150 ਹੈ, ਫਿਰ ਦਿੱਲੀ ਵਿੱਚ ਇਹ 1000 ਨੂੰ ਕਿਵੇਂ ਪਾਰ ਕਰ ਗਿਆ? ਸਿਰਸਾ ਜੀ, ਤੱਥਾਂ ਦੀ ਗੱਲ ਕਰੋ!"
'ਆਪ' ਬੁਲਾਰੇ ਨੇ ਅਸਲੀਅਤ ਬਿਆਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਦੀਆਂ ਕੋਸ਼ਿਸ਼ਾਂ ਕਾਰਨ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਲਗਾਤਾਰ ਭਾਰੀ ਕਮੀ ਆਈ ਹੈ ਅਤੇ ਇਸ ਵਾਰ ਇਹ ਮਾਮਲੇ ਬਿਲਕੁਲ 'ਨਾ-ਮਾਤਰ' ਰਹਿ ਗਏ ਹਨ। ਪੰਜਾਬ ਦਾ ਕਿਸਾਨ ਲਗਾਤਾਰ ਸਰਕਾਰ ਨੂੰ ਸਹਿਯੋਗ ਦੇ ਰਿਹਾ ਹੈ।
ਨੀਲ ਗਰਗ ਨੇ ਭਾਜਪਾ ਨੂੰ ਆਈਨਾ ਦਿਖਾਉਂਦਿਆਂ ਕਿਹਾ ਕਿ ਸਿਰਸਾ ਨੂੰ ਪੰਜਾਬ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਗਿਰੇਬਾਨ 'ਚ ਝਾਕਣਾ ਚਾਹੀਦਾ ਹੈ। ਉਨ੍ਹਾਂ ਦੇ ਆਪਣੇ ਰਾਜ, ਜਿਵੇਂ ਕਿ ਭਾਜਪਾ ਸ਼ਾਸਿਤ ਹਰਿਆਣਾ ਅਤੇ ਯੂਪੀ, ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਪਰ ਸਿਰਸਾ ਨੂੰ ਉਹ ਦਿਖਾਈ ਨਹੀਂ ਦੇ ਰਹੇ।
ਉਨ੍ਹਾਂ ਸਿਰਸਾ 'ਤੇ ਤੰਜ਼ ਕੱਸਦਿਆਂ ਕਿਹਾ, "ਤੁਸੀਂ ਬੀਜੇਪੀ ਵਿੱਚ ਆਪਣੀ ਰਾਜਨੀਤੀ ਚਮਕਾਉਣੀ ਹੈ, ਬਿਲਕੁਲ ਚਮਕਾਓ। ਪਰ ਇਸਦੇ ਲਈ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਨਾ ਕਰੋ।" ਗਰਗ ਨੇ ਸਵਾਲ ਕੀਤਾ ਕਿ ਜੋ ਸਿਰਸਾ ਸਾਹਿਬ ਖੁਦ ਰਾਜਨੀਤੀ ਕਰਨ ਲਈ ਪੰਜਾਬ ਆਉਂਦੇ ਰਹਿੰਦੇ ਹਨ, ਅੱਜ ਕਿਸਾਨਾਂ ਨੂੰ ਬਦਨਾਮ ਕਰਨ ਤੋਂ ਬਾਅਦ ਕੱਲ੍ਹ ਨੂੰ ਉਨ੍ਹਾਂ ਨਾਲ ਅੱਖ ਕਿਵੇਂ ਮਿਲਾਉਣਗੇ?
ਅੰਤ ਵਿੱਚ, ਨੀਲ ਗਰਗ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਸਖ਼ਤ ਨਸੀਹਤ ਦਿੰਦੇ ਹੋਏ ਕਿਹਾ, "ਆਪਣਾ ਘਰ ਸੰਭਾਲੋ ਅਤੇ ਦਿੱਲੀ ਦੇ ਗੁੱਸੇ ਵਿੱਚ ਆਏ ਲੋਕਾਂ ਨੂੰ ਦੱਸੋ ਕਿ ਤੁਹਾਡੀ ਕੇਂਦਰੀ ਸਰਕਾਰ ਅਤੇ ਨਾਲ ਲੱਗਦੇ ਰਾਜਾਂ ਦੀਆਂ ਸਰਕਾਰਾਂ ਨੇ ਪ੍ਰਦੂਸ਼ਣ ਰੋਕਣ ਲਈ ਕੀ ਠੋਸ ਕਦਮ ਚੁੱਕੇ ਹਨ। ਬਿਨਾਂ ਕਿਸੇ ਠੋਸ ਕਾਰਨ ਦੇ ਪੰਜਾਬ ਦੇ ਸਿਰ ਦੋਸ਼ ਮੜ੍ਹਨਾ ਤੁਰੰਤ ਬੰਦ ਕੀਤਾ ਜਾਵੇ।"
Get all latest content delivered to your email a few times a month.