ਤਾਜਾ ਖਬਰਾਂ
ਨਿਊਜ਼ੀਲੈਂਡ ਦੇ ਇਤਿਹਾਸ ਵਿੱਚ 20 ਅਕਤੂਬਰ 2025 ਦਾ ਦਿਨ ਸੋਨੇ ਦੇ ਅੱਖਰਾਂ ਵਿੱਚ ਦਰਜ ਹੋ ਗਿਆ ਹੈ। ਅੱਜ ਪਹਿਲੀ ਵਾਰ ਕਿਸੇ ਭਾਰਤੀ ਨੇ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ‘ਏਅਰ ਨਿਊਜ਼ੀਲੈਂਡ’ ਦੀ ਕਮਾਨ ਸੰਭਾਲੀ ਹੈ। ਨਿਖਿਲ ਰਵੀਸ਼ੰਕਰ ਨੂੰ ਰਸਮੀ ਤੌਰ 'ਤੇ CEO ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਉਹ ਗ੍ਰੇਗ ਫੋਰਨ ਦੀ ਥਾਂ ਲੈਂਦੇ ਹੋਏ ਹੁਣ ਦੁਨੀਆ ਭਰ ਵਿੱਚ ਕੰਮ ਕਰ ਰਹੇ ਏਅਰ ਨਿਊਜ਼ੀਲੈਂਡ ਦੇ 11,600 ਟੀਮ ਮੈਂਬਰਾਂ ਦੀ ਅਗਵਾਈ ਕਰਨਗੇ।
ਨਿਖਿਲ ਰਵੀਸ਼ੰਕਰ ਦਾ ਸਫ਼ਰ ਪ੍ਰੇਰਣਾਦਾਇਕ ਹੈ। 2021 ਤੋਂ ਉਹ ਏਅਰ ਨਿਊਜ਼ੀਲੈਂਡ ਨਾਲ ਚੀਫ਼ ਡਿਜੀਟਲ ਅਫ਼ਸਰ ਵਜੋਂ ਜੁੜੇ ਹੋਏ ਸਨ, ਜਿੱਥੇ ਉਨ੍ਹਾਂ ਨੇ ਟੈਕਨਾਲੋਜੀ ਤੇ ਡਿਜੀਟਲ ਖੇਤਰ ਵਿੱਚ ਵੱਡੇ ਸੁਧਾਰ ਕੀਤੇ। ਕੋਵਿਡ ਮਹਾਮਾਰੀ ਤੋਂ ਬਾਅਦ ਏਅਰਲਾਈਨ ਨੂੰ ਮੁੜ ਪਟੜੀ 'ਤੇ ਲਿਆਂਦਾ ਜਾਣ ਵਾਲੇ “ਕੋਵਿਡ ਰੀਸਟਾਰਟ ਪ੍ਰੋਗਰਾਮ” ਵਿੱਚ ਉਨ੍ਹਾਂ ਦੀ ਭੂਮਿਕਾ ਬੇਮਿਸਾਲ ਰਹੀ। ਇਸਦੇ ਨਾਲ ਹੀ ਉਨ੍ਹਾਂ ਨੇ ਏਅਰਲਾਈਨ ਦੇ ਟੈਕਨਾਲੋਜੀ ਬੈਕਬੋਨ, ਗਾਹਕ ਪਲੇਟਫਾਰਮਾਂ ਅਤੇ ਵਫ਼ਾਦਾਰੀ ਪ੍ਰੋਗਰਾਮਾਂ ਵਿੱਚ ਨਵੀਂ ਸੋਚ ਨਾਲ ਬਦਲਾਅ ਲਿਆਏ।
ਏਅਰ ਨਿਊਜ਼ੀਲੈਂਡ ਤੋਂ ਪਹਿਲਾਂ, ਨਿਖਿਲ 'ਵੈਕਟਰ ਲਿਮਿਟੇਡ' ਵਿੱਚ ਮੁੱਖ ਡਿਜੀਟਲ ਅਧਿਕਾਰੀ ਰਹੇ, ਜਿੱਥੇ ਉਨ੍ਹਾਂ ਨੇ ਡਿਜੀਟਲ ਤੇ IT ਪ੍ਰਣਾਲੀ ਦੀ ਆਧੁਨਿਕਤਾ ਵਿੱਚ ਕਮਾਲ ਦੀ ਲੀਡਰਸ਼ਿਪ ਦਿਖਾਈ। ਇਸ ਤੋਂ ਪਹਿਲਾਂ ਉਹ 'ਐਕਸੈਂਚਰ' ਨਾਲ ਹਾਂਗਕਾਂਗ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਛੇ ਸਾਲ ਤੱਕ ਮੈਨੇਜਿੰਗ ਡਾਇਰੈਕਟਰ ਵਜੋਂ ਜੁੜੇ ਰਹੇ। ਇਸ ਤੋਂ ਇਲਾਵਾ, ਉਹ 'ਸਪਾਰਕ ਨਿਊਜ਼ੀਲੈਂਡ' ਵਿੱਚ ਵੀ ਸੀਨੀਅਰ ਟੈਕਨਾਲੋਜੀ ਭੂਮਿਕਾਵਾਂ ਨਿਭਾ ਚੁੱਕੇ ਹਨ।
ਸਿੱਖਿਆ ਦੇ ਮੈਦਾਨ ਵਿੱਚ ਵੀ ਨਿਖਿਲ ਦੀ ਪਿਛੋਕੜ ਸ਼ਾਨਦਾਰ ਰਹੀ ਹੈ। ਉਨ੍ਹਾਂ ਨੇ ਆਕਲੈਂਡ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਬੈਚਲਰ ਆਫ਼ ਸਾਇੰਸ ਅਤੇ ਬੈਚਲਰ ਆਫ਼ ਕਾਮਰਸ (ਆਨਰਜ਼) ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਹ ਇਸ ਯੂਨੀਵਰਸਿਟੀ ਦੇ “ਸੈਂਟਰ ਆਫ਼ ਡਿਜੀਟਲ ਐਂਟਰਪ੍ਰਾਈਜ਼ (CODE)” ਦੇ ਸਲਾਹਕਾਰ ਬੋਰਡ ਮੈਂਬਰ ਹਨ ਅਤੇ ਪਹਿਲਾਂ ਨਿਊਜ਼ੀਲੈਂਡ ਏਸ਼ੀਅਨ ਲੀਡਰਜ਼ ਸਮੇਤ ਕਈ ਸੰਸਥਾਵਾਂ ਨਾਲ ਵੀ ਜੁੜੇ ਰਹੇ ਹਨ।
ਅੰਦਾਜ਼ਾ ਹੈ ਕਿ ਨਿਖਿਲ ਦੀ ਸਾਲਾਨਾ ਤਨਖਾਹ 2 ਮਿਲੀਅਨ ਨਿਊਜ਼ੀਲੈਂਡ ਡਾਲਰ ਤੋਂ ਵੱਧ ਹੋਵੇਗੀ। ਏਅਰ ਨਿਊਜ਼ੀਲੈਂਡ ਦੇ ਬੇੜੇ ਵਿੱਚ ਇਸ ਸਮੇਂ ਬੋਇੰਗ, ਏਅਰਬੱਸ ਅਤੇ ਏਟੀਆਰ ਸਮੇਤ 115 ਜਹਾਜ਼ ਸ਼ਾਮਲ ਹਨ। ਉਨ੍ਹਾਂ ਦੀ ਇਹ ਪ੍ਰਾਪਤੀ ਨਾ ਸਿਰਫ਼ ਨਿਊਜ਼ੀਲੈਂਡ ਲਈ ਮਹੱਤਵਪੂਰਨ ਹੈ, ਸਗੋਂ ਇਹ ਹਰ ਭਾਰਤੀ ਲਈ ਮਾਣ ਦਾ ਮੌਕਾ ਹੈ ਕਿ ਇੱਕ ਭਾਰਤੀ ਨੇ ਵਿਦੇਸ਼ੀ ਕੰਪਨੀ ਦੇ ਸਭ ਤੋਂ ਉੱਚੇ ਅਹੁਦੇ ਤੱਕ ਆਪਣੀ ਕਾਬਲੀਅਤ ਦੇ ਜ਼ਰੀਏ ਪਹੁੰਚ ਹਾਸਲ ਕੀਤੀ ਹੈ।
Get all latest content delivered to your email a few times a month.