ਤਾਜਾ ਖਬਰਾਂ
ਜਲੰਧਰ: ਰਾਜਾ ਸਾਹਿਬ ਰੋਡ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਸਥਾਨਕ ਬੱਸ ਅੱਡੇ ਨੇੜੇ ਕਿੰਗਜ਼ ਹੋਟਲ ਦੇ ਪਿੱਛੇ ਸਥਿਤ ਪ੍ਰਤਾਪ ਢਾਬੇ ਦੇ ਬਾਹਰ ਵਾਪਰੀ, ਜਦੋਂ ਇੱਕ ਔਰਤ ਆਪਣੇ ਬੇਟੇ ਅਤੇ ਬੇਟੀ ਨਾਲ ਪਿਮਸ ਹਸਪਤਾਲ ਤੋਂ ਦਵਾਈ ਲੈ ਕੇ ਐਕਟਿਵਾ 'ਤੇ ਘਰ ਜਾ ਰਹੀ ਸੀ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬੱਸ ਅੱਡਾ ਪੁਲਸ ਸਟੇਸ਼ਨ ਦੇ ਏ.ਐੱਸ.ਆਈ. ਮਹਿੰਦਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੌਜੂਦ ਲੋਕਾਂ ਨੇ ਐਂਬੂਲੈਂਸ ਰਾਹੀਂ ਮ੍ਰਿਤਕ ਔਰਤ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਸੀ।
ਟੱਕਰ ਮਗਰੋਂ ਔਰਤ ਦੀ ਮੌਕੇ 'ਤੇ ਹੀ ਮੌਤ
ਪੁਲਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਅਨੁਸਾਰ, ਮ੍ਰਿਤਕ ਔਰਤ ਦਾ ਬੇਟਾ ਸੂਰਜ ਐਕਟਿਵਾ ਚਲਾ ਰਿਹਾ ਸੀ। ਗਲੀ ਵਿੱਚੋਂ ਅਚਾਨਕ ਨਿਕਲੀ ਇੱਕ ਹੋਰ ਐਕਟਿਵਾ ਨਾਲ ਉਨ੍ਹਾਂ ਦੀ ਐਕਟਿਵਾ ਦੀ ਟੱਕਰ ਹੋ ਗਈ। ਇਸ ਟੱਕਰ ਕਾਰਨ ਤਿੰਨੋਂ ਜਣੇ ਐਕਟਿਵਾ ਸਮੇਤ ਸੜਕ 'ਤੇ ਡਿੱਗ ਗਏ। ਇਸ ਦੌਰਾਨ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਦੂਜੇ ਪਾਸੇ, ਹਾਦਸੇ ਦਾ ਕਾਰਨ ਬਣਿਆ ਦੂਜੀ ਐਕਟਿਵਾ ਦਾ ਨੌਜਵਾਨ ਆਪਣੀ ਐਕਟਿਵਾ ਮੌਕੇ 'ਤੇ ਹੀ ਛੱਡ ਕੇ ਫਰਾਰ ਹੋ ਗਿਆ।
ਏ.ਐੱਸ.ਆਈ. ਮਹਿੰਦਰ ਸਿੰਘ ਨੇ ਪੀੜਤ ਪਰਿਵਾਰ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਸੰਤੋਸ਼ ਰਾਣੀ ਪਤਨੀ ਰਵੀ ਕੁਮਾਰ ਵਾਸੀ ਥ੍ਰੀ ਸਟਾਰ ਕਾਲੋਨੀ, ਨਜ਼ਦੀਕ ਲੰਮਾ ਪਿੰਡ ਚੌਕ, ਜਲੰਧਰ ਵਜੋਂ ਹੋਈ ਹੈ।
ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਏ.ਐੱਸ.ਆਈ. ਨੇ ਅੱਗੇ ਦੱਸਿਆ ਕਿ ਕਾਨੂੰਨੀ ਕਾਰਵਾਈ ਪੂਰੀ ਕਰਦੇ ਹੋਏ ਐਤਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਨੇ ਫਰਾਰ ਹੋਏ ਐਕਟਿਵਾ ਸਵਾਰ ਨੌਜਵਾਨ ਦੀ ਪਛਾਣ ਅਤੇ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਹਾਦਸੇ ਨੇ ਸੜਕ ਸੁਰੱਖਿਆ ਪ੍ਰਤੀ ਲਾਪਰਵਾਹੀ ਨੂੰ ਇੱਕ ਵਾਰ ਫਿਰ ਉਜਾਗਰ ਕੀਤਾ ਹੈ।
Get all latest content delivered to your email a few times a month.