ਤਾਜਾ ਖਬਰਾਂ
ਤਰਨ ਤਾਰਨ ਵਿਧਾਨ ਸਭਾ ਸੀਟ ਲਈ ਹੋ ਰਹੀ ਉਪ ਚੋਣ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਅੰਤਿਮ ਪੜਾਅ ਵਿੱਚ ਪਹੁੰਚ ਚੁੱਕੀ ਹੈ। ਭਲਕੇ, 20 ਅਕਤੂਬਰ, ਨੂੰ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਹੈ। ਚੋਣ ਕਮਿਸ਼ਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ ਹੋਏ ਨੂੰ 6 ਦਿਨ ਬੀਤ ਚੁੱਕੇ ਹਨ ਅਤੇ ਹੁਣ ਤੱਕ ਕੁੱਲ 26 ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਚੁੱਕੀਆਂ ਹਨ।
ਬੇਸ਼ੱਕ ਇਨ੍ਹਾਂ ਨਾਮਜ਼ਦਗੀਆਂ ਵਿੱਚ ਜ਼ਿਆਦਾਤਰ ਦੁਹਰਾਓ (ਰਿਪੀਟ) ਅਤੇ ਕੁਝ ਕਵਰਿੰਗ ਉਮੀਦਵਾਰਾਂ ਦੇ ਕਾਗਜ਼ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਜਾਂਚ ਅਤੇ ਵਾਪਸੀ ਦੇ ਦੌਰਾਨ ਰੱਦ ਕਰ ਦਿੱਤਾ ਜਾਵੇਗਾ। ਹੁਣ ਤੱਕ, ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਜਿਵੇਂ ਕਿ 'ਆਮ ਆਦਮੀ ਪਾਰਟੀ' (ਆਪ), ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਐਮਪੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ 'ਅਕਾਲੀ ਦਲ (ਵਾਰਿਸ ਪੰਜਾਬ ਦੇ)' ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਸੁਰਖੀਆਂ 'ਚ ਰਹਿਣ ਵਾਲੇ ਨੀਟੂ ਸ਼ਟਰਾਂਵਾਲਾ ਦੀ 12ਵੀਂ ਨਾਮਜ਼ਦਗੀ
ਇਸ ਚੋਣ ਵਿੱਚ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਰਹਿਣ ਵਾਲੇ ਨੀਟੂ ਸ਼ਟਰਾਂਵਾਲਾ ਨੇ ਵੀ ਇੱਕ ਆਜ਼ਾਦ ਉਮੀਦਵਾਰ ਵਜੋਂ ਆਪਣੀ 12ਵੀਂ ਨਾਮਜ਼ਦਗੀ ਦਾਖਲ ਕੀਤੀ ਹੈ। ਨੀਟੂ ਦੇ ਹਲਫ਼ਨਾਮੇ ਵਿੱਚ ਦਿੱਤੀ ਗਈ ਜਾਣਕਾਰੀ ਹੈਰਾਨੀਜਨਕ ਹੈ।
41 ਸਾਲਾ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲਾ ਨੇ ਦੱਸਿਆ ਕਿ ਉਸਦੇ ਪਰਿਵਾਰ ਦੀ ਸਾਲਾਨਾ ਆਮਦਨ 13.75 ਲੱਖ ਰੁਪਏ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਕੋਲ ਨਾ ਤਾਂ ਕੋਈ ਘਰ ਹੈ, ਨਾ ਕਾਰ ਅਤੇ ਨਾ ਹੀ ਕੋਈ ਜਾਇਦਾਦ। ਉਸਨੇ ਆਪਣੀ ਪੜ੍ਹਾਈ ਅਨਪੜ੍ਹ (Illiterate) ਦੱਸੀ ਹੈ, ਪਰ ਉਸਦਾ ਪੂਰਾ ਹਲਫ਼ਨਾਮਾ ਅੰਗਰੇਜ਼ੀ ਭਾਸ਼ਾ ਵਿੱਚ ਭਰਿਆ ਗਿਆ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ।
ਆਮਦਨ ਪੰਜ ਸਾਲਾਂ 'ਚ ਢਾਈ ਗੁਣਾ ਵਧੀ
ਨੀਟੂ ਸ਼ਟਰਾਂਵਾਲਾ, ਜੋ ਕਿ ਜਲੰਧਰ ਦੇ ਸ਼ਾਹ ਸਿਕੰਦਰ ਮੁਹੱਲਾ ਦਾ ਰਹਿਣ ਵਾਲਾ ਹੈ, ਨੇ ਆਪਣੇ ਹਲਫ਼ਨਾਮੇ ਵਿੱਚ ਖੁਲਾਸਾ ਕੀਤਾ ਕਿ ਪਿਛਲੇ ਪੰਜ ਸਾਲਾਂ ਵਿੱਚ ਉਸਦੀ ਅਤੇ ਉਸਦੀ ਪਤਨੀ ਦੀ ਸਾਲਾਨਾ ਆਮਦਨ ਢਾਈ ਗੁਣਾ ਵਧੀ ਹੈ। 2021-22 ਵਿੱਚ ਇਹ ਆਮਦਨ ਲਗਭਗ 5 ਲੱਖ ਰੁਪਏ ਸੀ, ਜੋ 2025-26 ਵਿੱਚ ਵਧ ਕੇ 13.75 ਲੱਖ ਰੁਪਏ ਸਾਲਾਨਾ ਹੋ ਗਈ ਹੈ।
ਨੀਟੂ ਨੇ ਆਮਦਨ ਦਾ ਸਰੋਤ ਸ਼ਟਰਿੰਗ ਦਾ ਕੰਮ ਅਤੇ ਇੱਕ ਕਲਾਕਾਰ ਵਜੋਂ ਆਪਣਾ ਕੰਮ ਦੱਸਿਆ ਹੈ। ਹਾਲਾਂਕਿ, ਉਸਦੀ ਪਤਨੀ ਨੂੰ ਘਰੇਲੂ ਔਰਤ (Housewife) ਦੱਸਿਆ ਗਿਆ ਹੈ, ਪਰ ਉਸਦੀ ਆਮਦਨ ਦਾ ਸਰੋਤ ਵੀ ਇਸੇ ਕੰਮ ਤੋਂ ਆਉਂਦਾ ਹੈ। ਸਾਬਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋਈ ਇਸ ਸੀਟ 'ਤੇ ਮੁੱਖ ਪਾਰਟੀਆਂ ਵਿਚਕਾਰ ਕਰੜਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ, ਪਰ ਨੀਟੂ ਸ਼ਟਰਾਂਵਾਲਾ ਵਰਗੇ ਉਮੀਦਵਾਰਾਂ ਦੀ ਸ਼ਮੂਲੀਅਤ ਚੋਣ ਨੂੰ ਦਿਲਚਸਪ ਬਣਾ ਰਹੀ ਹੈ।
Get all latest content delivered to your email a few times a month.