ਤਾਜਾ ਖਬਰਾਂ
ਦਿੱਲੀ ਦੇ ਇੰਡੀਆ ਹੈਬੀਟੈਟ ਸੈਂਟਰ ਦੇ ਸਟੇਨ ਆਡੀਟੋਰੀਅਮ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ ‘ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਦੀ ਚਾਦਰ’ ਵਿਸ਼ੇ ’ਤੇ ਇਕ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਮਜ਼ਬੂਤ ਮੰਗ ਪੇਸ਼ ਕੀਤੀ ਗਈ, ਜਿਸ ਨੂੰ ਹਾਜ਼ਰੀਨ ਨੇ ਹੱਥ ਉਠਾ ਕੇ ਅਤੇ ਜੈਕਾਰੇ ਲਗਾ ਕੇ ਭਾਰੀ ਸਮਰਥਨ ਦਿੱਤਾ। ਸੈਮੀਨਾਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੰਬੋਧਨ ਕੀਤਾ।
ਸੈਮੀਨਾਰ ਵਿੱਚ ਵਿਦਵਾਨਾਂ ਵੱਲੋਂ ਖੋਜ-ਅਧਾਰਿਤ ਪੇਪਰ ਪੇਸ਼ ਕੀਤੇ ਗਏ। ਡਾ. ਜਸਪਾਲ ਸਿੰਘ, ਡਾ. ਮਨਮੋਹਨ ਸਿੰਘ, ਸਾਬਕਾ ਸਫੀਰ ਸ. ਕੇਸੀ ਸਿੰਘ, ਪ੍ਰੋ. ਹਿਮਾਦਰੀ ਬੈਨਰਜੀ, ਡਾ. ਪਰਮਵੀਰ ਸਿੰਘ, ਪ੍ਰੋ. ਰਾਜ ਕੁਮਾਰ ਹੰਸ, ਪ੍ਰੋ. ਧਰਮ ਸਿੰਘ ਅਤੇ ਡਾ. ਹਰਿੰਦਰ ਸਿੰਘ ਨੇ ਆਪਣੇ ਵਿਸ਼ਲੇਸ਼ਣ ਅਤੇ ਖੋਜ ਭਰਪੂਰ ਪੇਪਰ ਪੜ੍ਹ ਕੇ ਸ੍ਰੋਤਿਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਿੱਖ ਇਤਿਹਾਸ, ਧਾਰਮਿਕ ਅਜ਼ਾਦੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਮਹੱਤਵ ਬਾਰੇ ਵਿਸ਼ੇਸ਼ ਰੋਸ਼ਨੀ ਪਾਈ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੈਮੀਨਾਰ ਵਿੱਚ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਜਿਆਂ ਦੇ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ, ਜੋ ਵਿਸ਼ਵ ਇਤਿਹਾਸ ਵਿੱਚ ਇੱਕ ਮਿਸਾਲ ਹੈ। ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਪੱਸ਼ਟ ਮੰਗ ਕੀਤੀ ਅਤੇ ਕਿਹਾ ਕਿ ਇਹ ਮੰਗ ਕੋਈ ਭੀਖ ਨਹੀਂ, ਸਗੋਂ ਸੰਵਿਧਾਨ ਅਨੁਸਾਰ ਹੱਕ ਹੈ। ਐਡਵੋਕੇਟ ਧਾਮੀ ਨੇ ਕੇਂਦਰ ਸਰਕਾਰ ਤੋਂ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦਾ ਐਲਾਨ ਕਰਨ ਦੀ ਜ਼ੋਰਦਾਰ ਅਪੀਲ ਕੀਤੀ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੈਮੀਨਾਰ ਵਿੱਚ ਸਾਂਝੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ 350 ਸਾਲ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ, ਜੋ ਸਾਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੇ ਸਿੱਖਾਂ ਤੇ ਸਰਕਾਰੀ ਦਖਲਅੰਦਾਜ਼ੀ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਗੁਰਦੁਆਰਿਆਂ ਦਾ ਪ੍ਰਬੰਧ ਸਿਰਫ ਪੰਥਕ ਹੱਥਾਂ ਵਿੱਚ ਹੋਣਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੈ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਇਸ ਦਾ ਮਹੱਤਵਪੂਰਣ ਹਿੱਸਾ ਹੈ। ਉਨ੍ਹਾਂ ਨੇ ਸਿੱਖਾਂ ਨੂੰ ਗੁਰੂ ਸਾਹਿਬਾਂ ਦੇ ਆਦਰਸ਼ਾਂ ਦੇ ਅਨੁਸਾਰ ਇਕਤਾ ਅਤੇ ਧਾਰਮਿਕ ਪ੍ਰੇਰਣਾ ਨਾਲ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਸੈਮੀਨਾਰ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰਾਂ, ਕਮੇਟੀ ਮੈਂਬਰਾਂ ਅਤੇ ਹੋਰ ਪੰਥਕ ਅਧਿਕਾਰੀਆਂ ਦੀ ਭਾਰੀ ਹਾਜ਼ਰੀ ਨੇ ਸਮਾਗਮ ਦੀ ਸ਼ਾਨ ਬਢਾਈ।
Get all latest content delivered to your email a few times a month.