ਤਾਜਾ ਖਬਰਾਂ
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਸਥਿਤ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ਨੀਵਾਰ ਦੁਪਹਿਰ ਅਚਾਨਕ ਅੱਗ ਲੱਗ ਜਾਣ ਨਾਲ ਮੌਕੇ ‘ਤੇ ਹੜਕੰਪ ਮੱਚ ਗਿਆ। ਅੱਗ ਹਵਾਈ ਅੱਡੇ ਦੇ ਕਾਰਗੋ ਟਰਮੀਨਲ ਖੇਤਰ ‘ਚ ਲੱਗੀ, ਜਿਸ ਤੋਂ ਧੂੰਏਂ ਦੇ ਘੁੱਪ ਗੁਬਾਰ ਦੂਰੋਂ ਹੀ ਨਜ਼ਰ ਆ ਰਹੇ ਸਨ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਹਵਾਈ ਅੱਡੇ ਦੇ ਪ੍ਰਬੰਧਨ ਵੱਲੋਂ ਤੁਰੰਤ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ, ਤਾਂ ਜੋ ਕਿਸੇ ਵੀ ਤਰ੍ਹਾਂ ਦਾ ਹਾਦਸਾ ਨਾ ਹੋਵੇ। ਬਿਮਾਨ ਬੰਗਲਾਦੇਸ਼ ਏਅਰਲਾਈਨਜ਼ ਦੇ ਬੁਲਾਰੇ ਕੌਸਰ ਮਹਿਮੂਦ ਦੇ ਅਨੁਸਾਰ, ਸੁਰੱਖਿਆ ਪ੍ਰੋਟੋਕੋਲ ਅਨੁਸਾਰ ਤੁਰੰਤ ਇੱਕ ਵੱਡੇ ਪੱਧਰ ‘ਤੇ ਬਚਾਅ ਤੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ।
ਘਟਨਾ ਸਥਾਨ ‘ਤੇ ਫਾਇਰ ਬ੍ਰਿਗੇਡ ਦੀਆਂ ਕਈ ਯੂਨਿਟਾਂ, ਬੰਗਲਾਦੇਸ਼ ਹਵਾਈ ਸੈਨਾ ਦੀ ਫਾਇਰ ਯੂਨਿਟ, ਅਤੇ ਹੋਰ ਸਰਕਾਰੀ ਏਜੰਸੀਆਂ ਦੀਆਂ 16 ਤੋਂ ਵੱਧ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਸਾਰੀਆਂ ਟੀਮਾਂ ਨੇ ਇੱਕ ਤਾਲਮੇਲ ਵਾਲੀ ਕਾਰਵਾਈ ਰਾਹੀਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ।
ਸੁਖਦਾਈ ਗੱਲ ਇਹ ਹੈ ਕਿ ਅਜੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਹਾਲਾਂਕਿ, ਅੱਗ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਪਹਿਲੀ ਤਰਜੀਹ ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣ ਦੀ ਹੈ। ਅੱਗ ‘ਤੇ ਕਾਬੂ ਪੈਣ ਤੋਂ ਬਾਅਦ ਹੀ ਨੁਕਸਾਨ ਦਾ ਅੰਦਾਜ਼ਾ ਅਤੇ ਘਟਨਾ ਦੇ ਕਾਰਣਾਂ ਦੀ ਜਾਂਚ ਕੀਤੀ ਜਾਵੇਗੀ।
ਹਵਾਈ ਅੱਡੇ ਦੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤ ਰਹਿਣ ਅਤੇ ਅਧਿਕਾਰਕ ਅੱਪਡੇਟਾਂ ਦੀ ਉਡੀਕ ਕਰਨ।
Get all latest content delivered to your email a few times a month.