ਤਾਜਾ ਖਬਰਾਂ
ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਨੇੜੇ ਥਾਣਾ ਮੁੱਲਾਂਪੁਰ ਦਾਖਾ ਪੁਲਿਸ ਨੇ ਇਕ ਹੈਰਾਨੀਜਨਕ ਮਾਮਲੇ ਦਾ ਖੁਲਾਸਾ ਕੀਤਾ ਹੈ, ਜਿੱਥੇ ਚਾਰ ਨੌਜਵਾਨਾਂ ਨੇ ਖੁਦ ਨੂੰ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਦੱਸ ਕੇ ਬਿਜਲੀ ਵਿਭਾਗ ਦੇ ਐਸਡੀਓ ਅਤੇ ਜੇਈ ਨੂੰ ਅਗਵਾ ਕਰ ਲਿਆ ਤੇ ਉਨ੍ਹਾਂ ਕੋਲੋਂ ਫਿਰੌਤੀ ਵਜੋਂ 7 ਲੱਖ ਰੁਪਏ ਠੱਗ ਲਏ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਚਾਰ ਵਿੱਚੋਂ ਦੋ ਅਰੋਪੀਆਂ ਨੂੰ ਕਾਬੂ ਕਰ ਲਿਆ ਹੈ, ਜਦਕਿ ਬਾਕੀ ਦੋ ਦੀ ਭਾਲ ਜਾਰੀ ਹੈ।
ਡਿਊਟੀ ਤੇ ਤੈਨਾਤ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਹ ਘਟਨਾ 13 ਅਕਤੂਬਰ ਦੀ ਹੈ। ਚਾਰੇ ਅਰੋਪੀ ਆਪਣੀ ਪਾਈਪ ਫੈਕਟਰੀ ਲਈ ਬਿਜਲੀ ਕਨੈਕਸ਼ਨ ਲੈਣ ਦੇ ਨਾਂ ’ਤੇ ਮੁੱਲਾਂਪੁਰ ਦਾਖਾ ਵਿੱਚ ਤੈਨਾਤ ਐਸਡੀਓ ਅਤੇ ਜੇਈ ਨੂੰ ਮਿਲੇ। ਮੀਟਿੰਗ ਦੌਰਾਨ ਉਨ੍ਹਾਂ ਨੇ ਆਪਣੇ ਆਪ ਨੂੰ ਵਿਜੀਲੈਂਸ ਅਧਿਕਾਰੀ ਦੱਸਿਆ ਤੇ ਦੋਸ਼ ਲਗਾਉਣ ਲੱਗੇ ਕਿ ਇਹ ਅਧਿਕਾਰੀ ਆਪਣੇ ਉੱਚ ਅਫ਼ਸਰਾਂ ਨਾਲ ਮਿਲ ਕੇ ਰਿਸ਼ਵਤ ਲੈਂਦੇ ਹਨ।
ਇਹ ਦੋਸ਼ ਲਗਾਉਣ ਤੋਂ ਬਾਅਦ ਉਨ੍ਹਾਂ ਨੇ ਧੱਕੇ ਨਾਲ ਦੋਵੇਂ ਸਰਕਾਰੀ ਅਧਿਕਾਰੀਆਂ ਨੂੰ ਆਪਣੀ ਇਨੋਵਾ ਗੱਡੀ ਵਿੱਚ ਬਿਠਾ ਕੇ ਲੁਧਿਆਣਾ ਵੱਲ ਅਗਵਾ ਕਰ ਲਿਆ। ਰਸਤੇ ਵਿੱਚ ਉਨ੍ਹਾਂ ਨੇ ਮਾਮਲਾ "ਰਫ਼ਾ-ਦਫ਼ਾ" ਕਰਨ ਦੇ ਬਦਲੇ 20 ਲੱਖ ਰੁਪਏ ਦੀ ਮੰਗ ਕੀਤੀ। ਡਰੇ ਹੋਏ ਦੋਵੇਂ ਅਧਿਕਾਰੀਆਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਜਾਣ-ਪਛਾਣ ਵਾਲਿਆਂ ਕੋਲੋਂ ਸੱਤ ਲੱਖ ਵੀਹ ਹਜ਼ਾਰ ਰੁਪਏ ਇਕੱਠੇ ਕਰਕੇ ਅਰੋਪੀਆਂ ਨੂੰ ਦੇ ਦਿੱਤੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਘਰ ਪਹੁੰਚਣ ਤੋਂ ਬਾਅਦ ਦੋਵੇਂ ਅਧਿਕਾਰੀਆਂ ਨੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ। ਮੁੱਲਾਂਪੁਰ ਦਾਖਾ ਪੁਲਿਸ ਨੇ ਕਾਰਵਾਈ ਸ਼ੁਰੂ ਕਰਦਿਆਂ ਦੋ ਅਰੋਪੀਆਂ ਨੂੰ ਪਟਿਆਲਾ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ ਨਕਲੀ ਪੱਤਰਕਾਰਤਾ ਕਾਰਡ ਵੀ ਬਰਾਮਦ ਹੋਏ ਹਨ।
ਡੀਐਸਪੀ ਖੋਸਾ ਨੇ ਕਿਹਾ ਕਿ ਗ੍ਰਿਫ਼ਤਾਰ ਅਰੋਪੀਆਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਬਾਕੀ ਦੋ ਫਰਾਰ ਅਰੋਪੀਆਂ ਨੂੰ ਵੀ ਜਲਦੀ ਕਾਬੂ ਕੀਤਾ ਜਾ ਸਕੇ ਅਤੇ ਫਿਰੌਤੀ ਦੀ ਪੂਰੀ ਰਕਮ ਵੀ ਬਰਾਮਦ ਹੋ ਸਕੇ।
Get all latest content delivered to your email a few times a month.