ਤਾਜਾ ਖਬਰਾਂ
ਜਿੱਥੇ ਸਾਰਾ ਦੇਸ਼ ਧਨਤੇਰਸ ਅਤੇ ਦਿਵਾਲੀ ਦੀਆਂ ਖੁਸ਼ੀਆਂ 'ਚ ਰੰਗਿਆ ਹੋਇਆ ਹੈ, ਉੱਥੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਲਾਲਿਆਂਵਾਲੀ ਤੋਂ ਇੱਕ ਅਜਿਹੀ ਖ਼ਬਰ ਆਈ ਹੈ ਜਿਸ ਨੇ ਹਰ ਕਿਸੇ ਦਾ ਦਿਲ ਦਹਿਲਾ ਦਿੱਤਾ। ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ PRTC ਬੱਸ ਨੇ ਸੜਕ ਪਾਰ ਕਰ ਰਹੇ ਦੋ ਨੰਨੇ ਸਕੂਲੀ ਬੱਚਿਆਂ ਨੂੰ ਕੁਚਲ ਦਿੱਤਾ, ਜਿਸ ਨਾਲ ਦੋਵਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਪਿੰਡ ਲਈ ਕਿਸੇ ਸਦਮੇ ਤੋਂ ਘੱਟ ਨਹੀਂ - ਦੋ ਘਰਾਂ ਦੇ ਚਿਰਾਗ ਤਿਉਹਾਰ ਵਾਲੇ ਦਿਨ ਬੁਝ ਗਏ।
ਮ੍ਰਿਤਕਾਂ ਦੀ ਪਛਾਣ ਸੋਨੂੰ (ਉਮਰ 12 ਸਾਲ) ਅਤੇ ਮੀਨਾ (ਉਮਰ 7 ਸਾਲ) ਵਜੋਂ ਹੋਈ ਹੈ। ਦੋਵੇਂ ਬੱਚੇ ਸਵੇਰੇ ਆਪਣਾ ਬੈਗ ਲੈ ਕੇ ਸਕੂਲ ਜਾ ਰਹੇ ਸਨ। ਸੜਕ ਪਾਰ ਕਰਦੇ ਸਮੇਂ ਅਚਾਨਕ ਇੱਕ ਤੇਜ਼ ਰਫ਼ਤਾਰ ਸਰਕਾਰੀ ਬੱਸ ਉਨ੍ਹਾਂ ਉੱਤੇ ਚੜ੍ਹ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਨੇ ਮੌਕੇ 'ਤੇ ਹੀ ਤੋੜ ਦਿੱਤਾ।
ਘਟਨਾ ਦੇ ਤੁਰੰਤ ਬਾਅਦ ਆਲੇ ਦੁਆਲੇ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ। ਮੰਜ਼ਰ ਇੰਨਾ ਦੁਖਦਾਈ ਸੀ ਕਿ ਹਰ ਕਿਸੇ ਦੀਆਂ ਅੱਖਾਂ ਭਰ ਆਈਆਂ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਤਿਉਹਾਰ ਵਾਲੇ ਦਿਨ ਘਰਾਂ ਵਿੱਚ ਦੀਏ ਦੀ ਥਾਂ ਮੋਮਬੱਤੀਆਂ ਦੁੱਖ ਵਿੱਚ ਜਲ ਰਹੀਆਂ ਹਨ।
ਪ੍ਰਿਵਾਰ ਨੇ ਗੰਭੀਰ ਦੋਸ਼ ਲਗਾਏ ਹਨ ਕਿ ਬੱਸ ਦਾ ਡਰਾਈਵਰ ਸ਼ਾਇਦ ਨਸ਼ੇ ਦੀ ਹਾਲਤ ਵਿੱਚ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅਕਸਰ ਸਰਕਾਰੀ ਬੱਸਾਂ ਨੂੰ ਕਾਂਟ੍ਰੈਕਟ 'ਤੇ ਕੰਮ ਕਰ ਰਹੇ ਕੱਚੇ ਮੁਲਾਜ਼ਮ ਚਲਾਉਂਦੇ ਹਨ, ਜੋ ਲਾਪਰਵਾਹੀ ਅਤੇ ਨਸ਼ੇ ਦੀ ਆਦਤ ਕਾਰਨ ਅਜਿਹੀਆਂ ਘਟਨਾਵਾਂ ਦਾ ਕਾਰਨ ਬਣਦੇ ਹਨ।
ਸਥਾਨਕ ਲੋਕਾਂ ਨੇ ਦੱਸਿਆ ਕਿ ਡਰਾਈਵਰ ਹਾਦਸੇ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਗੁੱਸੇ 'ਚ ਆਏ ਲੋਕਾਂ ਨੇ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ।
ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ। ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਡਰਾਈਵਰ ਦਾ ਮੈਡੀਕਲ ਟੈਸਟ ਕਰਵਾਇਆ ਜਾਵੇਗਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਹ ਨਸ਼ੇ ਵਿੱਚ ਸੀ ਜਾਂ ਨਹੀਂ।
ਇਸ ਘਟਨਾ ਨੇ ਇੱਕ ਵਾਰ ਫਿਰ ਸਰਕਾਰੀ ਬੱਸਾਂ ਦੀ ਤੇਜ਼ ਰਫ਼ਤਾਰ, ਡਰਾਈਵਰਾਂ ਦੀ ਲਾਪਰਵਾਹੀ ਅਤੇ ਬਿਨਾਂ ਨਿਗਰਾਨੀ ਦੇ ਚਲ ਰਹੀ ਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਲਾਲਿਆਂਵਾਲੀ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ। ਲੋਕ ਕਹਿ ਰਹੇ ਹਨ ਕਿ ਜਿੱਥੇ ਹਰ ਕੋਈ ਤਿਉਹਾਰ ਦੀਆਂ ਤਿਆਰੀਆਂ ਕਰ ਰਿਹਾ ਸੀ, ਉੱਥੇ ਦੋ ਘਰਾਂ ਵਿੱਚ ਚੁੱਪੀ ਅਤੇ ਰੋਣ ਦੀਆਂ ਆਵਾਜ਼ਾਂ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਅਤੇ ਸੁਰੱਖਿਆ ਉਪਾਅ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ।
Get all latest content delivered to your email a few times a month.