ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਅਣਮੁੱਲ ਅਤੇ ਦੁਰਲੱਭ ਵੀਡੀਓ ਫੁਟੇਜ ਹਾਸਲ ਕਰਨ ਲਈ ਬਰਤਾਨੀਆ ਦੇ ਕਾਨੂੰਨਦਾਨੀਆਂ ਅਤੇ ਇੰਗਲੈਂਡ ਤੇ ਵੇਲਜ਼ ਦੀ ਬਾਰ ਕੌਂਸਲ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਆਪਣੇ ਸਰਕਾਰੀ ਨਿਵਾਸ ਉੱਤੇ ਬਾਰ ਕੌਂਸਲ ਦੇ ਵਫ਼ਦ ਨਾਲ ਮੁਲਾਕਾਤ ਦੌਰਾਨ ਇਸ ਗੱਲ ਦਾ ਜਿਕਰ ਕੀਤਾ ਕਿ ਭਾਰਤ ਵਿੱਚ ਭਗਤ ਸਿੰਘ ਦੀਆਂ ਕੋਈ ਵੀ ਵੀਡੀਓ ਰਿਕਾਰਡ ਮੌਜੂਦ ਨਹੀਂ ਹਨ।
ਉਨ੍ਹਾਂ ਦੱਸਿਆ ਕਿ ਸਕਾਟਲੈਂਡ ਯਾਰਡ ਕੋਲ ਸ਼ਹੀਦ ਭਗਤ ਸਿੰਘ ਦੀਆਂ ਗ੍ਰਿਫ਼ਤਾਰੀ ਅਤੇ ਸੁਣਵਾਈ ਦੌਰਾਨ ਦੀਆਂ ਵੀਡੀਓਜ਼ ਹੋ ਸਕਦੀਆਂ ਹਨ, ਜੋ ਭਾਰਤੀ, ਖ਼ਾਸ ਕਰਕੇ ਪੰਜਾਬੀ ਲੋਕਾਂ ਲਈ ਬਹੁਤ ਮਹੱਤਵਪੂਰਨ ਹਨ। ਮੁੱਖ ਮੰਤਰੀ ਨੇ ਸੂਬਾ ਸਰਕਾਰ ਦੀ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ ਜੋ ਪਹਿਲਾਂ ਹੀ ਇਹ ਵੀਡੀਓ ਫੁਟੇਜ ਹਾਸਲ ਕਰਨ ਲਈ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਤੋਂ ਪ੍ਰੇਰਨਾ ਲੈ ਸਕਣ।
ਭਗਵੰਤ ਮਾਨ ਨੇ ਇੰਗਲੈਂਡ ਤੇ ਵੇਲਜ਼ ਦੀ ਬਾਰ ਕੌਂਸਲ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਦੀ ਇਸ ਲੋਕ ਭਲਾਈ ਕਾਰਵਾਈ ਵਿੱਚ ਸਹਿਯੋਗ ਦੇਣ, ਅਤੇ ਇਹ ਨੌਜਵਾਨਾਂ ਲਈ ਭਗਤ ਸਿੰਘ ਦੀ ਸ਼ਾਨਦਾਰ ਵਿਰਾਸਤ ਨੂੰ ਪ੍ਰੇਰਣਾ ਸਰੋਤ ਬਣਾਉਣ ਵਿੱਚ ਯੋਗਦਾਨ ਪਾਏ। ਮੁੱਖ ਮੰਤਰੀ ਨੇ ਇਹ ਵੀ ਜ਼ੋਰ ਦਿੱਤਾ ਕਿ ਸੂਬਾ ਸਰਕਾਰ ਇਸ ਕੌਮੀ ਮਹੱਤਵ ਵਾਲੇ ਮਸਲੇ ਵਿੱਚ ਕੋਈ ਕਸਰ ਨਹੀਂ ਛੱਡੇਗੀ।
ਇਸ ਮੁਲਾਕਾਤ ਦੌਰਾਨ, ਮੁੱਖ ਮੰਤਰੀ ਨੇ ਬਰਤਾਨੀਆ ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕਰਨ ਵਾਸਤੇ ਵੀ ਬਾਰ ਕੌਂਸਲ ਤੋਂ ਸਹਿਯੋਗ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਪੰਜਾਬ ਸੂਚਨਾ ਤਕਨਾਲੋਜੀ, ਫੂਡ ਪ੍ਰਾਸੈਸਿੰਗ ਅਤੇ ਆਟੋ ਮੋਬਾਈਲ ਖੇਤਰ ਵਿੱਚ ਬਹੁਤ ਸੰਭਾਵਨਾਵਾਂ ਰੱਖਦਾ ਹੈ ਅਤੇ ਨਿਵੇਸ਼ਕਾਂ ਲਈ ਲਾਭਦਾਇਕ ਮੌਕੇ ਪੇਸ਼ ਕਰਦਾ ਹੈ। ਮੁੱਖ ਮੰਤਰੀ ਨੇ ਬਰਤਾਨੀਆ ਦੇ ਨਿਵੇਸ਼ਕਾਂ ਨੂੰ ਅਗਲੇ ਸਾਲ ਮਾਰਚ ਵਿੱਚ ਹੋਣ ਵਾਲੇ ‘ਇਨਵੈਸਟ ਪੰਜਾਬ ਸੰਮੇਲਨ’ ਵਿੱਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ।
ਇਸ ਮੌਕੇ ‘ਇੰਗਲੈਂਡ ਤੇ ਵੇਲਜ਼ ਦੀ ਬਾਰ ਕੌਂਸਲ’ ਦੀ ਚੇਅਰ ਬਾਰਬਰਾ ਮਿੱਲਜ਼ ਕੇ.ਸੀ., ਬਾਰ ਚੇਅਰ ਦੀ ਸਲਾਹਕਾਰ ਪੀਰਨ ਢਿੱਲੋਂ-ਸਟਾਰਕਿੰਗਜ਼, ਕੰਸਲਟੈਂਟ ਮੇਲੀਸ਼ਾ ਚਾਰਲਜ਼, ਅਤੇ ਬੈਰਿਸਟਰ ਬਲਜਿੰਦਰ ਬਾਠ ਨੇ ਮੁੱਖ ਮੰਤਰੀ ਨੂੰ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਆਰਥਿਕ ਤਰੱਕੀ ਅਤੇ ਲੋਕ ਭਲਾਈ ਲਈ ਕੀਤੀਆਂ ਮੁੱਖ ਪਹਿਲਕਦਮੀਆਂ ਦੀ ਵੀ ਸਰਾਹਨਾ ਕੀਤੀ।
Get all latest content delivered to your email a few times a month.