ਤਾਜਾ ਖਬਰਾਂ
ਸੰਗਰੂਰ ਜ਼ਿਲ੍ਹੇ ‘ਚ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਦੀ ਸ਼ੁਰੂਆਤ ਹੁਣ ਸਕੂਲ ਪੱਧਰ ‘ਤੇ ਕੀਤੀ ਜਾ ਰਹੀ ਹੈ। ਟਰੈਫ਼ਿਕ ਪੁਲਿਸ ਅਤੇ ਆਰ.ਟੀ.ਓ. ਵਿਭਾਗ ਦੇ ਸਾਂਝੇ ਉਪਰਾਲੇ ਤਹਿਤ ਸਰਕਾਰੀ ਸਕੂਲਾਂ ਵਿੱਚ “ਵਾਕ ਥਰੂ” ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਮੁਹਿੰਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਟਰੈਫ਼ਿਕ ਨਿਯਮਾਂ ਅਤੇ ਸੜਕ ਸੁਰੱਖਿਆ ਦੀ ਮਹੱਤਤਾ ਬਾਰੇ ਸਿੱਖਿਆ ਦੇਣਾ ਹੈ।
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੜਕ ‘ਤੇ ਤੁਰਦੇ ਸਮੇਂ ਦੇ ਮੁੱਖ ਨਿਯਮ, ਟਰੈਫ਼ਿਕ ਸਾਈਨ ਬੋਰਡਾਂ ਦੀ ਪਹਿਚਾਣ ਅਤੇ ਉਨ੍ਹਾਂ ਦੇ ਮਤਲਬ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ। ਟਰੈਫ਼ਿਕ ਅਧਿਕਾਰੀਆਂ ਨੇ ਬੱਚਿਆਂ ਨਾਲ ਇੰਟਰਐਕਟਿਵ ਸੈਸ਼ਨ ਰਾਹੀਂ ਪ੍ਰੈਕਟੀਕਲ ਡੈਮੋ ਵੀ ਕਰਵਾਏ, ਤਾਂ ਜੋ ਉਹ ਅਸਲੀ ਹਾਲਾਤਾਂ ਵਿੱਚ ਨਿਯਮਾਂ ਦੀ ਪਾਲਣਾ ਕਰਨ ਦੀ ਅਭਿਆਸ ਕਰ ਸਕਣ।
ਪੀ.ਟੀ.ਐਮ. ਪ੍ਰੋਗਰਾਮ ਦੇ ਮੌਕੇ ‘ਤੇ ਮਾਪਿਆਂ ਨੂੰ ਵੀ ਸੜਕ ਸੁਰੱਖਿਆ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਜ਼ੋਰ ਦਿੱਤਾ ਕਿ ਸਕੂਲ ਵੇਨਾਂ ਅਤੇ ਬੱਸਾਂ ਵਿੱਚ ਬੱਚਿਆਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਡਰਾਈਵਰ ਕੋਲ ਵੈਧ ਲਾਇਸੈਂਸ ਹੋਣਾ, ਵਾਹਨ ਦੀ ਫਿਟਨੈੱਸ ਸਰਟੀਫਿਕੇਟ ਪੂਰੀ ਹੋਣੀ ਅਤੇ ਬੱਚਿਆਂ ਲਈ ਸੇਫ਼ਟੀ ਬੈਲਟ ਦਾ ਉਚਿਤ ਤਰੀਕੇ ਨਾਲ ਇਸਤੇਮਾਲ ਕਰਨਾ ਜ਼ਰੂਰੀ ਹੈ।
ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਇਸ ਪਹਲ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ, ਅਤੇ ਜੇਕਰ ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਸੜਕ ਸੁਰੱਖਿਆ ਦੀ ਸਮਝ ਦਿੱਤੀ ਜਾਵੇ ਤਾਂ ਭਵਿੱਖ ਵਿੱਚ ਸੜਕ ਹਾਦਸਿਆਂ ਦੀ ਦਰ ਵਿੱਚ ਵੱਡੀ ਕਮੀ ਆ ਸਕਦੀ ਹੈ।
ਇਹ ਪ੍ਰੋਗਰਾਮ ਸੰਗਰੂਰ ਪੁਲਿਸ ਦੀ “ਸੁਰੱਖਿਅਤ ਸੜਕਾਂ ਸੁਰੱਖਿਅਤ ਜੀਵਨ” ਮੁਹਿੰਮ ਦਾ ਹਿੱਸਾ ਹੈ, ਜਿਸ ਤਹਿਤ ਅਗਲੇ ਹਫ਼ਤੇ ਤੱਕ ਸ਼ਹਿਰ ਦੇ ਵੱਖ–ਵੱਖ ਸਕੂਲਾਂ ਵਿੱਚ ਜਾਗਰੂਕਤਾ ਕੈਂਪ ਜਾਰੀ ਰਹਿਣਗੇ।
Get all latest content delivered to your email a few times a month.