ਤਾਜਾ ਖਬਰਾਂ
ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (DIG) ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਚੰਡੀਗੜ੍ਹ ਦੀ ਸਪੈਸ਼ਲ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਸ਼ੀ ਅਧਿਕਾਰੀ ਨੂੰ 14 ਦਿਨਾਂ ਦੇ ਜੁਡੀਸ਼ਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 31 ਅਕਤੂਬਰ ਨੂੰ ਹੋਵੇਗੀ।
ਜਾਣਕਾਰੀ ਅਨੁਸਾਰ, ਸੀਬੀਆਈ ਨੇ ਡੀਆਈਜੀ ਭੁੱਲਰ ਅਤੇ ਉਸਦੇ ਸਾਥੀ ਕ੍ਰਿਸ਼ਨੂ ਨੂੰ 16 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਕ੍ਰਿਸ਼ਨੂ ਨੂੰ ਸਭ ਤੋਂ ਪਹਿਲਾਂ ਮੰਡੀ ਗੋਬਿੰਦਗੜ੍ਹ ਵਿੱਚ ਕਬਾੜ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਇਸ ਤੋਂ ਬਾਅਦ, ਡੀਆਈਜੀ ਭੁੱਲਰ ਨੇ ਵੀ ਉਸੇ ਡੀਲਰ ਅਤੇ ਵਿਚੋਲੇ ਨੂੰ ਆਪਣੇ ਮੋਹਾਲੀ ਦਫ਼ਤਰ ਬੁਲਾਇਆ, ਜਿੱਥੇ ਸੀਬੀਆਈ ਟੀਮ ਨੇ ਤਿਆਰ ਕੀਤੇ ਟ੍ਰੈਪ ਦੌਰਾਨ ਡੀਆਈਜੀ ਨੂੰ ਰਿਸ਼ਵਤ ਲੈਂਦੇ ਸਮੇਂ ਗ੍ਰਿਫ਼ਤਾਰ ਕਰ ਲਿਆ।
ਦਰਅਸਲ, ਇਹ ਸਾਰਾ ਮਾਮਲਾ 2023 ਦੇ ਸਰਹਿੰਦ ਪੁਲਿਸ ਸਟੇਸ਼ਨ ਦੇ ਇਕ ਕੇਸ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਦਿੱਲੀ ਤੋਂ ਮਾਲ ਲਿਆਉਣ ਅਤੇ ਜਾਅਲੀ ਬਿੱਲਾਂ ਰਾਹੀਂ ਭੱਠੀ ਵਿੱਚ ਵੇਚਣ ਦੇ ਦੋਸ਼ਾਂ 'ਤੇ ਚਲਾਨ ਦਾਇਰ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਮੰਗੀ ਗਈ ਸੀ। ਇਸ ਸੰਬੰਧੀ ਕਬਾੜ ਡੀਲਰ ਵੱਲੋਂ ਸੀਬੀਆਈ ਨੂੰ ਅਧਿਕਾਰਕ ਸ਼ਿਕਾਇਤ ਕੀਤੀ ਗਈ ਸੀ।
ਅਦਾਲਤ ਵਿੱਚ ਪੇਸ਼ੀ ਦੌਰਾਨ ਡੀਆਈਜੀ ਭੁੱਲਰ ਅਤੇ ਕ੍ਰਿਸ਼ਨੂ ਨੇ ਆਪਣੇ ਚਿਹਰੇ ਕੱਪੜਿਆਂ ਨਾਲ ਢੱਕੇ ਰੱਖੇ। ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਭੁੱਲਰ ਨੇ ਕੇਵਲ ਇੰਨਾ ਕਿਹਾ, “ਅਦਾਲਤ ਇਨਸਾਫ਼ ਦੇਵੇਗੀ।”
Get all latest content delivered to your email a few times a month.