ਤਾਜਾ ਖਬਰਾਂ
ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨੇ ਪੂਰੇ ਪ੍ਰਸ਼ਾਸਨ ਵਿੱਚ ਹੜਕੰਪ ਮਚਾ ਦਿੱਤਾ ਹੈ। ਰਿਸ਼ਵਤ ਦੇ ਦੋਸ਼ਾਂ ਹੇਠ ਸੀਬੀਆਈ ਵੱਲੋਂ ਕਾਬੂ ਕੀਤੇ ਗਏ ਡੀਆਈਜੀ ਨੂੰ ਅੱਜ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਏਜੰਸੀ ਉਨ੍ਹਾਂ ਦਾ ਰਿਮਾਂਡ ਮੰਗ ਸਕਦੀ ਹੈ।
ਗ੍ਰਿਫ਼ਤਾਰੀ ਦੇ ਨਾਲ ਹੀ, ਦਿੱਲੀ ਅਤੇ ਚੰਡੀਗੜ੍ਹ ਤੋਂ ਆਈ 52 ਮੈਂਬਰੀ ਸੀਬੀਆਈ ਟੀਮ ਨੇ ਡੀਆਈਜੀ ਭੁੱਲਰ ਦੇ ਮੁਹਾਲੀ ਸਥਿਤ ਦਫ਼ਤਰ ਅਤੇ ਸੈਕਟਰ-40 ਦੀ ਕੋਠੀ 'ਤੇ ਛਾਪੇਮਾਰੀ ਕੀਤੀ। ਇਸ ਤਲਾਸ਼ੀ ਦੌਰਾਨ ਸੀਬੀਆਈ ਟੀਮ ਨੇ ਕਰੀਬ 7 ਕਰੋੜ ਰੁਪਏ ਦੀ ਨਕਦੀ, ਡੇਢ ਕਿਲੋ ਸੋਨਾ, ਲਗਜ਼ਰੀ ਘੜੀਆਂ, ਇੰਪੋਰਟਡ ਸ਼ਰਾਬ ਦੀਆਂ ਬੋਤਲਾਂ ਅਤੇ ਮਹਿੰਗੀਆਂ ਗੱਡੀਆਂ ਦੇ ਦਸਤਾਵੇਜ਼ ਬਰਾਮਦ ਕੀਤੇ।
ਸਕਰੈਪ ਕਾਰੋਬਾਰੀ ਦੀ ਸ਼ਿਕਾਇਤ
ਇਹ ਪੂਰਾ ਮਾਮਲਾ ਫ਼ਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਨਾਲ ਸਬੰਧਤ ਸਕਰੈਪ ਕਾਰੋਬਾਰੀ ਆਕਾਸ਼ ਬੱਤਾ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ। ਬੱਤਾ ਨੇ ਹੀ ਰਿਸ਼ਵਤਖੋਰੀ ਦੀ ਸ਼ਿਕਾਇਤ ਸੀਬੀਆਈ ਕੋਲ ਦਰਜ ਕਰਵਾਈ, ਜਿਸ ਮਗਰੋਂ ਏਜੰਸੀ ਨੇ ਜਾਲ ਵਿਛਾ ਕੇ ਡੀਆਈਜੀ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ।
ਜਾਣਕਾਰੀ ਮੁਤਾਬਕ, ਨਵੰਬਰ 2023 ਵਿੱਚ ਆਕਾਸ਼ ਬੱਤਾ 'ਤੇ ਸਰਹਿੰਦ ਥਾਣੇ ਵਿੱਚ ਕੇਸ ਦਰਜ ਹੋਇਆ ਸੀ। ਦੋਸ਼ ਸੀ ਕਿ ਉਹ ਦਿੱਲੀ ਤੋਂ ਜਾਅਲੀ ਬਿੱਲਾਂ ਰਾਹੀਂ ਮਾਲ ਲਿਆ ਕੇ ਮੰਡੀ ਗੋਬਿੰਦਗੜ੍ਹ ਵਿੱਚ ਵੇਚ ਕੇ ਟੈਕਸ ਚੋਰੀ ਕਰ ਰਿਹਾ ਸੀ। ਟੈਕਸ ਚੋਰੀ ਦਾ ਮਾਮਲਾ ਹੋਣ ਕਾਰਨ ਇਹ ਕੇਸ ਸਾਲ 2024 ਵਿੱਚ ਡੀਆਈਜੀ ਭੁੱਲਰ ਕੋਲ ਪਹੁੰਚ ਗਿਆ। ਇਸ ਤੋਂ ਬਾਅਦ ਡੀਆਈਜੀ ਵੱਲੋਂ ਬੱਤਾ ਨੂੰ ਚਲਾਨ ਪੇਸ਼ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਮੰਗੀ ਜਾਣ ਲੱਗੀ।
ਆਮ ਤੌਰ 'ਤੇ ਅਜਿਹੇ ਮਾਮਲੇ ਐਸ.ਐੱਚ.ਓ. ਜਾਂ ਹੇਠਲੇ ਅਧਿਕਾਰੀਆਂ ਕੋਲ ਜਾਂਦੇ ਹਨ, ਪਰ ਸਰਕਾਰ ਨਾਲ ਧੋਖਾਧੜੀ ਦਾ ਮਾਮਲਾ ਹੋਣ ਕਾਰਨ ਇਹ ਕੇਸ ਸਿੱਧਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਨਿਰੀਖਣ ਹੇਠ ਆ ਗਿਆ, ਜਿਸ ਤੋਂ ਬਾਅਦ ਰਿਸ਼ਵਤ ਦੀ ਮੰਗ ਸ਼ੁਰੂ ਹੋ ਗਈ।
ਝੂਠੇ ਕੇਸਾਂ ਦੀ ਧਮਕੀ ਤੋਂ ਡਰਿਆ ਕਾਰੋਬਾਰੀ
ਆਕਾਸ਼ ਬੱਤਾ ਨੇ ਦੱਸਿਆ ਕਿ ਜਦੋਂ ਡੀਆਈਜੀ ਭੁੱਲਰ ਨੇ ਉਸ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਤਾਂ ਉਸ ਨੇ ਪੁਲਿਸ ਦੀ ਬਜਾਏ ਸਿੱਧਾ ਸੀਬੀਆਈ ਕੋਲ ਜਾਣ ਦਾ ਫੈਸਲਾ ਕੀਤਾ। ਉਸ ਨੇ ਕਿਹਾ ਕਿ ਜੇ ਉਹ ਪੁਲਿਸ ਨੂੰ ਸ਼ਿਕਾਇਤ ਕਰਦਾ ਤਾਂ ਡੀਆਈਜੀ 'ਤੇ ਕਾਰਵਾਈ ਨਹੀਂ ਹੋਣੀ ਸੀ। ਬੱਤਾ ਨੇ ਡੀਆਈਜੀ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਸਮੇਤ ਸਾਰੀ ਕਹਾਣੀ ਸੀਬੀਆਈ ਨੂੰ ਸੁਣਾਈ।
ਕਾਰੋਬਾਰੀ ਆਕਾਸ਼ ਬੱਤਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਉਨ੍ਹਾਂ 'ਤੇ ਕੋਈ ਝੂਠਾ ਕੇਸ ਦਰਜ ਨਾ ਹੋਵੇ। ਬੱਤਾ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਧਮਕੀਆਂ ਦੇਣ ਵਾਲੇ ਹੋਰ ਲੋਕਾਂ ਅਤੇ ਸ਼ਾਮਲ ਅਧਿਕਾਰੀਆਂ ਬਾਰੇ ਹੋਰ ਵੀ ਖੁਲਾਸੇ ਕਰਨਗੇ।
Get all latest content delivered to your email a few times a month.