ਤਾਜਾ ਖਬਰਾਂ
ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ ਦੁਪਹਿਰ (16 ਅਕਤੂਬਰ, 2025) ਸੀਬੀਆਈ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਸੂਤਰਾਂ ਦੀ ਜਾਣਕਾਰੀ ਮੁਤਾਬਕ, ਡੀਆਈਜੀ ਭੁੱਲਰ ਦੇ ਮੋਹਾਲੀ ਘਰ ਤੋਂ ਕਰੋੜਾਂ ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਡੀਆਈਜੀ ਦੇ ਘਰ ਵਿੱਚ ਨੋਟ ਗਿਣਨ ਲਈ ਮਸ਼ੀਨ ਮੰਗਵਾਈ ਗਈ ਹੈ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਮੋਹਾਲੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜਾਂਚ ਸੂਤਰਾਂ ਮੁਤਾਬਕ, ਡੀਆਈਜੀ ਹਰਚਰਨ ਸਿੰਘ ਨੇ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਦਿੱਲੀ ਅਤੇ ਚੰਡੀਗੜ੍ਹ ਤੋਂ ਸਮੂਹਿਕ ਤੌਰ ‘ਤੇ ਛਾਪਾ ਮਾਰ ਕੇ ਡੀਆਈਜੀ ਨੂੰ ਜਾਲ ਵਿੱਚ ਫਸਾ ਕੇ ਗ੍ਰਿਫ਼ਤਾਰ ਕਰ ਲਿਆ। ਸਕ੍ਰੈਪ ਡੀਲਰ ਦੀ ਸ਼ਿਕਾਇਤ ਵਿੱਚ ਹੋਰ ਅਧਿਕਾਰੀਆਂ ਦੇ ਨਾਮ ਵੀ ਹਨ, ਜਿਨ੍ਹਾਂ ਵਿਰੁੱਧ ਆਉਣ ਵਾਲੇ ਦਿਨਾਂ ਵਿੱਚ ਕਾਰਵਾਈ ਹੋ ਸਕਦੀ ਹੈ।
ਸੀਬੀਆਈ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮੋਹਾਲੀ ਦਫ਼ਤਰ ਅਤੇ ਚੰਡੀਗੜ੍ਹ ਦੇ ਸੈਕਟਰ 40 ਵਾਲੇ ਘਰ ਦੀ ਤਲਾਸ਼ੀ ਕੀਤੀ, ਜਿੱਥੋਂ ਕਈ ਮਹੱਤਵਪੂਰਨ ਦਸਤਾਵੇਜ਼ ਬਰਾਮਦ ਹੋਏ। ਭੁੱਲਰ ਨੂੰ ਇਸ ਸਮੇਂ ਇੱਕ ਗੁਪਤ ਸਥਾਨ ‘ਤੇ ਪੁੱਛਗਿੱਛ ਲਈ ਰੱਖਿਆ ਗਿਆ ਹੈ। ਸੂਤਰਾਂ ਦੇ ਅਨੁਸਾਰ ਭੁੱਲਰ ਦੇ ਘਰੋਂ ਲਗਭਗ 1 ਕਰੋੜ ਰੁਪਏ ਨਕਦ ਮਿਲੇ ਹਨ।
ਹਾਲਾਂਕਿ ਅਧਿਕਾਰੀਆਂ ਨੇ ਰਿਸ਼ਵਤ ਦੀ ਸਹੀ ਰਕਮ ਦੀ ਪੁਸ਼ਟੀ ਨਹੀਂ ਕੀਤੀ। ਸੂਤਰਾਂ ਦੱਸਦੇ ਹਨ ਕਿ ਸੀਬੀਆਈ ਨੇ ਪਹਿਲਾਂ ਡੀਆਈਜੀ ਦੇ ਦਫ਼ਤਰ ਉੱਤੇ ਛਾਪਾ ਮਾਰਿਆ ਅਤੇ ਫਿਰ ਗ੍ਰਿਫ਼ਤਾਰ ਕੀਤਾ। ਜਦੋਂ ਕਿ ਸੰਬੰਧਿਤ ਏਜੰਸੀ ਵੱਲੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ।
ਜਾਣਕਾਰੀ ਲਈ ਦੱਸਣਯੋਗ ਹੈ ਕਿ 2007 ਬੈਚ ਦੇ ਆਈਪੀਐਸ ਹਰਚਰਨ ਸਿੰਘ ਭੁੱਲਰ ਦੇ ਪਿਤਾ, ਮਹਿੱਲ ਸਿੰਘ ਭੁੱਲਰ, ਪੰਜਾਬ ਦੇ ਸਾਬਕਾ ਡੀਜੀਪੀ ਰਹਿ ਚੁੱਕੇ ਹਨ। ਉਨ੍ਹਾਂ ਦੇ ਭਰਾ ਕੁਲਦੀਪ ਸਿੰਘ ਭੁੱਲਰ ਕਾਂਗਰਸ ਤੋਂ ਵਿਧਾਇਕ ਰਹਿ ਚੁੱਕੇ ਹਨ। ਹਰਚਰਨ ਸਿੰਘ ਭੁੱਲਰ ਨੂੰ 27 ਨਵੰਬਰ 2024 ਨੂੰ ਰੋਪੜ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਸੀ।
Get all latest content delivered to your email a few times a month.