ਤਾਜਾ ਖਬਰਾਂ
ਪੰਜਾਬ ਦੀ ਰਾਜ ਸਭਾ ਉਪ-ਚੋਣ ਲਈ ਜਾਅਲੀ ਦਸਤਖ਼ਤਾਂ ਦੇ ਨਾਲ ਆਪਣੀ ਨਾਮਜ਼ਦਗੀ ਦਾਖਲ ਕਰਨ ਦੇ ਦੋਸ਼ ਵਿੱਚ ਜਨਤਾ ਪਾਰਟੀ ਦੇ ਪ੍ਰਧਾਨ ਨਵੀਨ ਚਤੁਰਵੇਦੀ ਨੂੰ ਵੀਰਵਾਰ ਦੁਪਹਿਰ ਰੋਪੜ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਨਵੀਨ ਚਤੁਰਵੇਦੀ ਨੂੰ 7 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 23 ਅਕਤੂਬਰ ਨੂੰ ਨਿਯਤ ਕੀਤੀ ਗਈ ਹੈ।
ਰੋਪੜ ਪੁਲਿਸ ਨੇ ਨਵੀਨ ਚਤੁਰਵੇਦੀ ਨੂੰ ਸੀਜੀਐਮ ਸੁਖਵਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਪੁਲਿਸ ਨੇ ਨਵੀਨ ਦਾ ਵਕਾਲਤਨਾਮਾ ਪੇਸ਼ ਕਰਦੇ ਹੋਏ 10 ਦਿਨਾਂ ਦਾ ਰਿਮਾਂਡ ਮੰਗਿਆ। ਅਦਾਲਤ ਨੇ 7 ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ। ਨਵੀਨ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਖਿਲਾਫ ਕਾਰਵਾਈ ਵਿਧਾਨ ਸਭਾ ਵਿੱਚ ਹੋਣੀ ਚਾਹੀਦੀ ਸੀ, ਕਿਉਂਕਿ ਉਹ ਆਪਣੇ ਦਾਖਲ ਹੋਏ ਨਾਮਜ਼ਦਗੀ ਪੱਤਰ ਨਾਲ ਸੰਬੰਧਿਤ ਹਨ ਅਤੇ ਰੋਪੜ ਕਦੇ ਪਹੁੰਚੇ ਹੀ ਨਹੀਂ। ਇਸ ਦੌਰਾਨ, ਰੋਪੜ ਦੇ ਵਕੀਲਾਂ ਦੀ ਹੜਤਾਲ ਕਾਰਨ, ਨਵੀਨ ਨੇ ਆਪਣੀ ਪੈਰਵੀ ਖ਼ੁਦ ਕੀਤੀ।
ਪੁਲਿਸ ਅਨੁਸਾਰ, ਨਵੀਨ ਚਤੁਰਵੇਦੀ ਨੂੰ ਬੁੱਧਵਾਰ ਦੇਰ ਸ਼ਾਮ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਰੋਪੜ ਲਿਆਂਦਾ ਗਿਆ। ਇਹ ਕਾਰਵਾਈ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਦੀ ਸ਼ਿਕਾਇਤ ‘ਤੇ ਕੀਤੀ ਗਈ ਸੀ। ਦਿਨੇਸ਼ ਚੱਢਾ ਨੇ ਦਾਅਵਾ ਕੀਤਾ ਕਿ ਨਵੀਨ ਚਤੁਰਵੇਦੀ ਦੇ ਨਾਮਜ਼ਦਗੀ ਪੱਤਰ ਵਿੱਚ ਉਹਨਾਂ ਦੇ ਦਸਤਖ਼ਤ ਜਾਅਲੀ ਹਨ। ਨਵੀਨ ਨੇ ਨਾਮਜ਼ਦਗੀ ਦਾਖਲ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦਾ ਸਮਰਥਨ ਹੈ। ਇਸ ਦਾਅਵੇ ਦੇ ਬਾਅਦ ਵਿਧਾਇਕ ਦਿਨੇਸ਼ ਚੱਢਾ ਨੇ ਜਾਅਲੀ ਦਸਤਖ਼ਤਾਂ ਦਾ ਆਰੋਪ ਲਗਾਇਆ ਅਤੇ ਸ਼ਿਕਾਇਤ ਦਰਜ ਕਰਵਾਈ।
ਸ਼ਿਕਾਇਤ ਦੇ ਅਧਾਰ ‘ਤੇ ਨਵੀਨ ਚਤੁਰਵੇਦੀ ਵਿਰੁੱਧ ਸਿਟੀ ਪੁਲਿਸ ਸਟੇਸ਼ਨ ਰੂਪਨਗਰ ਵਿੱਚ ਮਾਮਲਾ ਦਰਜ ਕੀਤਾ ਗਿਆ। ਗ੍ਰਿਫ਼ਤਾਰੀ ਲਈ ਰੂਪਨਗਰ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਚੰਡੀਗੜ੍ਹ ਗਈ, ਜਿੱਥੇ ਸ਼ੁਰੂ ਵਿੱਚ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰੀ ਵਿੱਚ ਰੁਕਾਵਟ ਪਾਈ। ਇਸ ਮਗਰੋਂ ਰੋਪੜ ਅਦਾਲਤ ਨੇ ਨਵੀਨ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਅਤੇ ਚੰਡੀਗੜ੍ਹ ਦੇ ਐਸਐਸਪੀ ਨੂੰ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ।
ਇਸ ਤੋਂ ਪਹਿਲਾਂ, ਨਵੀਨ ਚਤੁਰਵੇਦੀ ਦੀ ਪਟੀਸ਼ਨ ‘ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 4 ਨਵੰਬਰ ਤੱਕ ਜਵਾਬ ਮੰਗਿਆ ਸੀ। ਨਵੀਨ ਨੇ ਹਾਈ ਕੋਰਟ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਖਿਲਾਫ ਕਈ ਮਾਮਲੇ ਦਰਜ ਹਨ, ਪਰ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਿੰਨੇ ਮਾਮਲੇ ਹਨ। ਨਵੀਨ ਨੇ ਸਰਕਾਰ ਤੋਂ ਸਾਰੇ ਮਾਮਲਿਆਂ ਦੀ ਪੂਰੀ ਜਾਣਕਾਰੀ ਮੁਹੱਈਆ ਕਰਨ ਦੀ ਮੰਗ ਕੀਤੀ।
Get all latest content delivered to your email a few times a month.