ਤਾਜਾ ਖਬਰਾਂ
ਭਾਰਤ ਲਈ ਖੇਡ ਜਗਤ ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 2030 ਦੀਆਂ ਕਾਮਨਵੈਲਥ ਖੇਡਾਂ (Commonwealth Games) ਦੀ ਮੇਜ਼ਬਾਨੀ ਅਹਿਮਦਾਬਾਦ ਨੂੰ ਮਿਲਣ ਜਾ ਰਹੀ ਹੈ। ਇਹ ਦੇਸ਼ ਲਈ ਬਹੁਤ ਮਾਣ ਦਾ ਮੌਕਾ ਹੈ। ਜਾਣਕਾਰੀ ਅਨੁਸਾਰ, ਨਵੰਬਰ ਵਿੱਚ ਇਸ ਦਾ ਅਧਿਕਾਰਤ ਐਲਾਨ ਹੋਣ ਦੀ ਉਮੀਦ ਹੈ। 26 ਨਵੰਬਰ ਨੂੰ ਗਲਾਸਗੋ ਵਿੱਚ ਕਾਮਨਵੈਲਥ ਖੇਡ ਮਹਾਸੰਘ ਦੀ ਜਨਰਲ ਅਸੈਂਬਲੀ ਵਿੱਚ ਇਸ ਫੈਸਲੇ ਦੀ ਪੁਸ਼ਟੀ ਕੀਤੀ ਜਾਵੇਗੀ, ਜਿਸ ਨੂੰ ਹੁਣ ਸਿਰਫ਼ ਇੱਕ ਰਸਮ ਮੰਨਿਆ ਜਾ ਰਿਹਾ ਹੈ।
ਇਹ ਦੂਜੀ ਵਾਰ ਹੋਵੇਗਾ ਜਦੋਂ ਭਾਰਤ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ 2010 ਵਿੱਚ ਦਿੱਲੀ ਵਿੱਚ ਇਨ੍ਹਾਂ ਖੇਡਾਂ ਦਾ ਸ਼ਾਨਦਾਰ ਆਯੋਜਨ ਹੋਇਆ ਸੀ, ਜਿਸ ਨੇ ਦੁਨੀਆ ਭਰ ਵਿੱਚ ਭਾਰਤ ਦੀ ਮੇਜ਼ਬਾਨੀ ਸਮਰੱਥਾ ਦਾ ਲੋਹਾ ਮੰਨਵਾਇਆ ਸੀ। ਅਹਿਮਦਾਬਾਦ ਵਿੱਚ ਹੋਣ ਵਾਲੀਆਂ ਇਹ ਖੇਡਾਂ ਦੇਸ਼ ਦੇ ਨੌਜਵਾਨ ਖਿਡਾਰੀਆਂ ਨੂੰ ਇੱਕ ਵੱਡਾ ਮੌਕਾ ਦੇਣਗੀਆਂ ਅਤੇ ਦੇਸ਼ ਦੇ ਖੇਡ ਢਾਂਚੇ (Sports Infrastructure) ਨੂੰ ਨਵੀਂ ਉਚਾਈ 'ਤੇ ਲੈ ਜਾਣਗੀਆਂ।
ਭਾਰਤ ਦੇ ਚੋਟੀ ਦੇ ਮੈਡਲ ਜੇਤੂ: ਜਸਪਾਲ ਰਾਣਾ ਸਭ ਤੋਂ ਅੱਗੇ
ਕਾਮਨਵੈਲਥ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਲਈ ਸਭ ਤੋਂ ਵੱਧ ਮੈਡਲ ਜਿੱਤਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਨਾਂ ਸਭ ਤੋਂ ਅੱਗੇ ਹੈ। ਇਸ ਮਹਾਨ ਖਿਡਾਰੀ ਨੇ ਕੁੱਲ 15 ਤਗਮੇ ਆਪਣੇ ਨਾਂ ਕੀਤੇ ਹਨ, ਜਿਨ੍ਹਾਂ ਵਿੱਚ 9 ਸੋਨੇ, 4 ਚਾਂਦੀ ਅਤੇ 2 ਕਾਂਸੀ ਦੇ ਤਗਮੇ ਸ਼ਾਮਲ ਹਨ। ਰਾਣਾ ਨੇ 1990 ਦੇ ਦਹਾਕੇ ਅਤੇ 2000 ਦੇ ਸ਼ੁਰੂਆਤੀ ਸਾਲਾਂ ਵਿੱਚ ਭਾਰਤੀ ਨਿਸ਼ਾਨੇਬਾਜ਼ੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਜ਼ਬੂਤ ਕੀਤਾ।
ਸ਼ਰਤ ਕਮਲ, ਟੇਬਲ ਟੈਨਿਸ ਦੇ ਬੇਤਾਜ ਬਾਦਸ਼ਾਹ
ਜਸਪਾਲ ਰਾਣਾ ਤੋਂ ਬਾਅਦ ਦੂਜਾ ਨਾਂ ਟੇਬਲ ਟੈਨਿਸ ਸਟਾਰ ਅਚੰਤਾ ਸ਼ਰਤ ਕਮਲ ਦਾ ਆਉਂਦਾ ਹੈ। ਉਨ੍ਹਾਂ ਨੇ ਹੁਣ ਤੱਕ ਕੁੱਲ 13 ਮੈਡਲ ਜਿੱਤੇ ਹਨ – ਜਿਨ੍ਹਾਂ ਵਿੱਚ 7 ਸੋਨੇ, 4 ਚਾਂਦੀ ਅਤੇ 2 ਕਾਂਸੀ ਦੇ ਤਗਮੇ ਸ਼ਾਮਲ ਹਨ। ਸ਼ਰਤ ਕਮਲ ਭਾਰਤੀ ਟੇਬਲ ਟੈਨਿਸ ਦੇ ਸਭ ਤੋਂ ਭਰੋਸੇਮੰਦ ਨਾਵਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ 2006 ਮੈਲਬੌਰਨ ਤੋਂ ਲੈ ਕੇ 2022 ਬਰਮਿੰਘਮ ਤੱਕ ਲਗਾਤਾਰ ਦੇਸ਼ ਦਾ ਨਾਂ ਰੌਸ਼ਨ ਕੀਤਾ।
ਮਹਿਲਾਵਾਂ ਵਿੱਚ ਅੰਜਲੀ ਭਾਗਵਤ ਦਾ ਦਬਦਬਾ
ਭਾਰਤ ਦੀ ਸਭ ਤੋਂ ਸਫਲ ਮਹਿਲਾ ਖਿਡਾਰਨ ਵਜੋਂ ਸ਼ੂਟਰ ਅੰਜਲੀ ਭਾਗਵਤ ਦਾ ਨਾਂ ਸਿਖਰ 'ਤੇ ਹੈ। ਉਨ੍ਹਾਂ ਨੇ ਕੁੱਲ 10 ਮੈਡਲ ਜਿੱਤੇ ਹਨ, ਜਿਸ ਵਿੱਚ 6 ਸੋਨੇ, 3 ਚਾਂਦੀ ਅਤੇ 1 ਕਾਂਸੀ ਦਾ ਤਗਮਾ ਸ਼ਾਮਲ ਹੈ।
ਇਨ੍ਹਾਂ ਤੋਂ ਇਲਾਵਾ, ਸ਼ੂਟਰ ਵਿਜੇ ਕੁਮਾਰ ਨੇ ਕਾਮਨਵੈਲਥ ਖੇਡਾਂ ਵਿੱਚ 8 ਮੈਡਲ ਅਤੇ ਸੰਜੀਵ ਰਾਜਪੂਤ ਨੇ 7 ਮੈਡਲ (3 ਸੋਨੇ, 3 ਚਾਂਦੀ ਅਤੇ 1 ਕਾਂਸੀ) ਆਪਣੇ ਨਾਂ ਕੀਤੇ ਹਨ।
ਭਾਰਤ ਦਾ ਕਾਮਨਵੈਲਥ ਸਫ਼ਰ
ਭਾਰਤ ਦਾ ਕਾਮਨਵੈਲਥ ਖੇਡਾਂ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ। ਦੇਸ਼ ਨੇ ਹੁਣ ਤੱਕ ਕੁੱਲ 564 ਮੈਡਲ ਜਿੱਤੇ ਹਨ— 203 ਸੋਨੇ, 190 ਚਾਂਦੀ ਅਤੇ 171 ਕਾਂਸੀ ਦੇ ਤਗਮੇ। ਕੁੱਲ ਮੈਡਲਾਂ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ, ਆਸਟ੍ਰੇਲੀਆ (2596 ਮੈਡਲ) ਅਤੇ ਇੰਗਲੈਂਡ (2322 ਮੈਡਲ) ਤੋਂ ਬਾਅਦ, ਕਾਮਨਵੈਲਥ ਖੇਡਾਂ ਵਿੱਚ ਤੀਜਾ ਸਭ ਤੋਂ ਸਫਲ ਦੇਸ਼ ਹੈ।
Get all latest content delivered to your email a few times a month.