ਤਾਜਾ ਖਬਰਾਂ
ਪੰਜਾਬ ਪੁਲਿਸ ਨੇ ਦੀਵਾਲੀ ਦੇ ਤਿਉਹਾਰ ਤੋਂ ਐਨ ਪਹਿਲਾਂ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਅੰਮ੍ਰਿਤਸਰ ਦਿਹਾਤੀ ਦੇ ਅਜਨਾਲਾ ਖੇਤਰ ਵਿੱਚੋਂ ਖੇਤਾਂ ਵਿੱਚੋਂ ਭਾਰੀ ਮਾਤਰਾ ਵਿੱਚ ਗੋਲਾ-ਬਾਰੂਦ ਬਰਾਮਦ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਇੰਸਪੈਕਟਰ ਹਰਚੰਦ ਸਿੰਘ ਸੰਧੂ ਦੀ ਅਗਵਾਈ ਹੇਠਲੀ ਟੀਮ ਜਦੋਂ ਥੇੜੀ ਨੇੜੇ ਪਰਾਲੀ ਸਾੜਨ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇੱਕ ਮੀਟਿੰਗ ਵਾਸਤੇ ਜਾ ਰਹੀ ਸੀ, ਤਾਂ ਉਨ੍ਹਾਂ ਨੂੰ ਇੱਕ ਖੇਤ ਵਿੱਚ ਪੀਲੇ ਰੰਗ ਦੀ ਟੇਪ ਨਾਲ ਲਿਪਟਿਆ ਹੋਇਆ ਇੱਕ ਸ਼ੱਕੀ ਬੈਗ ਮਿਲਿਆ। ਪੁਲਿਸ ਟੀਮ ਨੇ ਤੁਰੰਤ ਬੈਗ ਦੀ ਜਾਂਚ ਕੀਤੀ, ਜਿਸ ਵਿੱਚੋਂ 3 ਹੈਂਡ ਗ੍ਰਨੇਡ ਅਤੇ ਖ਼ਤਰਨਾਕ ਵਿਸਫੋਟਕ RDX ਬਰਾਮਦ ਹੋਇਆ।
ਇਸ ਵੱਡੀ ਬਰਾਮਦਗੀ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਬੰਬ ਨਿਰੋਧਕ ਦਸਤੇ (Bomb Disposal Squad) ਦੀ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ। ਫਿਲਹਾਲ, ਇਲਾਕੇ ਵਿੱਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਜਾਰੀ ਹੈ।
ਪੁਲਿਸ ਇਸ ਗੱਲ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਇਹ ਖ਼ਤਰਨਾਕ ਸਮੱਗਰੀ ਕਿਸ ਵਿਅਕਤੀ ਜਾਂ ਸਮੂਹ ਵੱਲੋਂ ਰੱਖੀ ਗਈ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਰਾਮਦਗੀ ਨਾਲ ਸੂਬੇ ਵਿੱਚ ਅਮਨ-ਸ਼ਾਂਤੀ ਭੰਗ ਕਰਨ ਦੀ ਇੱਕ ਵੱਡੀ ਕੋਸ਼ਿਸ਼ ਨੂੰ ਸਮੇਂ ਸਿਰ ਰੋਕ ਲਿਆ ਗਿਆ ਹੈ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
Get all latest content delivered to your email a few times a month.