ਤਾਜਾ ਖਬਰਾਂ
ਅੱਜ ਮਾਨਸਾ ਜ਼ਿਲ੍ਹਾ ਕਚਹਿਰੀ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨਾਂ ਵੱਲੋਂ ਸਾਂਝਾ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਸਰਕਾਰ ਵੱਲੋਂ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਉਨ੍ਹਾਂ ਉੱਤੇ ਦਰਜ ਕੀਤੀਆਂ ਕਾਨੂੰਨੀ ਕਾਰਵਾਈਆਂ ਦੇ ਖਿਲਾਫ਼ ਆਪਣਾ ਅਸਮਰਥਨ ਦਰਸਾਇਆ।
ਕਿਸਾਨ ਆਗੂਆਂ ਜਗਦੇਵ ਸਿੰਘ, ਤਰਸੇਮ ਸਿੰਘ ਅਤੇ ਦੀਦਾਰ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਖਿਲਾਫ਼ ਸਖਤ ਕਾਰਵਾਈ ਦੀ ਸਿਫਾਰਸ਼ ਬੇਇਨਸਾਫ਼ ਹੈ, ਕਿਉਂਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਲੋੜੀਂਦੀ ਮਸ਼ੀਨਰੀ ਜਾਂ ਆਰਥਿਕ ਸਹਾਇਤਾ ਨਹੀਂ ਦੇ ਰਹੀ। ਇਸ ਕਾਰਨ ਕਿਸਾਨ ਮਜਬੂਰੀ ਵਿੱਚ ਪਰਾਲੀ ਸਾੜਨ 'ਤੇ ਮਜਬੂਰ ਹੋ ਰਹੇ ਹਨ।
ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਕਿਸਾਨ ਨੂੰ ਪਰਾਲੀ ਸੰਭਾਲਣ ਲਈ 6000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ-ਨਾਲ ਕਿਸਾਨਾਂ ਨੇ ਹਾਲ ਹੀ ਵਿੱਚ ਆਈ ਹੜਾਂ ਕਾਰਨ ਤਬਾਹ ਹੋਈ ਝੋਨੇ ਅਤੇ ਨਰਮੇ ਦੀ ਫਸਲ ਦਾ ਮੁਆਵਜ਼ਾ ਵੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।
ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਜਲਦੀ ਉਹਨਾਂ ਦੀਆਂ ਮੰਗਾਂ 'ਤੇ ਕਾਰਵਾਈ ਨਾ ਕੀਤੀ, ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
Get all latest content delivered to your email a few times a month.