ਤਾਜਾ ਖਬਰਾਂ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਬ-ਡਿਵੀਜ਼ਨ ਤਲਵੰਡੀ ਸਾਬੋ ਵਿਖੇ ਸਥਿਤ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਯਾਦਵਿੰਦਰਾ ਕਾਲਜ ਦੀ ਇੱਕ ਵਿਦਿਆਰਥਣ ਦੀ ਦੇਰ ਰਾਤ ਹੋਸਟਲ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋ ਜਾਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ, ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਤ ਇਹ ਵਿਦਿਆਰਥਣ ਯਾਦਵਿੰਦਰਾ ਕਾਲਜ ਵਿੱਚ ਬੀ.ਐਸ.ਸੀ. ਪਹਿਲੇ ਸਾਲ ਦੀ ਵਿਦਿਆਰਥਣ ਸੀ। ਹੋਸਟਲ ਪ੍ਰਬੰਧਕਾਂ ਮੁਤਾਬਕ, ਰਾਤ ਸਮੇਂ ਵਿਦਿਆਰਥਣ ਆਪਣੇ ਕਮਰੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ, ਜਿਸ ਨੂੰ ਤੁਰੰਤ ਇਲਾਜ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੱਗੇ ਬਠਿੰਡਾ ਦੇ ਏਮਜ਼ ਹਸਪਤਾਲ (AIIMS) ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਮੌਤ ਦੇ ਕਾਰਨਾਂ 'ਤੇ ਭੇਦ ਬਰਕਰਾਰ
ਯੂਨੀਵਰਸਿਟੀ ਕੈਂਪਸ ਦੇ ਡਾਇਰੈਕਟਰ ਡਾ. ਅਮਨਦੀਪ ਸਿੰਘ ਨੇ ਇਸ ਮੰਦਭਾਗੀ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਪੜ੍ਹਾਈ ਵਿੱਚ ਹੁਸ਼ਿਆਰ ਸੀ ਅਤੇ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਸੀ। ਡਾਇਰੈਕਟਰ ਅਨੁਸਾਰ, ਵਿਦਿਆਰਥਣ ਦੀ ਹਾਲਤ ਗੰਭੀਰ ਹੋਣ 'ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕੁੜੀ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਪਿਤਾ ਨੇ ਜ਼ਹਿਰੀਲੀ ਵਸਤੂ ਨਿਗਲਣ ਦੀ ਗੱਲ ਕਹੀ
ਦੂਜੇ ਪਾਸੇ, ਤਲਵੰਡੀ ਸਾਬੋ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਤਲਵੰਡੀ ਸਾਬੋ ਦੇ ਮੁਖੀ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥਣ ਦੇ ਪਿਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ। ਪਿਤਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਧੀ ਬੀਮਾਰ ਸੀ ਅਤੇ ਦਵਾਈ ਲੈਣ ਦੌਰਾਨ ਗਲਤੀ ਨਾਲ ਕੋਈ ਜ਼ਹਿਰੀਲੀ ਵਸਤੂ ਨਿਗਲ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਕਿਸੇ 'ਤੇ ਵੀ ਕੋਈ ਸ਼ੱਕ ਜ਼ਾਹਰ ਨਹੀਂ ਕੀਤਾ ਹੈ।
ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦੀ ਅਸਲ ਸਥਿਤੀ ਸਪੱਸ਼ਟ ਹੋਣ ਦੀ ਉਮੀਦ ਹੈ।
Get all latest content delivered to your email a few times a month.