ਤਾਜਾ ਖਬਰਾਂ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ਵੱਲੋਂ ਤਖ਼ਤ ਸਾਹਿਬ ਦੇ ਮੁੱਖ ਰਸਤੇ ‘ਤੇ ਵਿਰਾਸਤੀ ਮਾਰਗ ਬਣਾਉਣ ਦੇ ਨਾਮ ‘ਤੇ ਪੱਟੇ ਗਏ ਟੋਇਆਂ ਦੀ ਨਿੰਦਾ ਕੀਤੀ ਹੈ। ਇਹ ਘਟਨਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਤੋਂ ਸਿਰਫ਼ ਕੁਝ ਹਫ਼ਤੇ ਪਹਿਲਾਂ ਵਾਪਰੀ।
ਜਥੇਦਾਰ ਗੜਗੱਜ ਨੇ ਕਿਹਾ ਕਿ ਨਵੰਬਰ ਮਹੀਨੇ ਵਿੱਚ ਮਨਾਏ ਜਾਣ ਵਾਲੇ ਸ਼ਤਾਬਦੀ ਸਮਾਗਮ ਤੋਂ ਠੀਕ ਪਹਿਲਾਂ ਇਹ ਕੰਮ ਸ਼ੁਰੂ ਕਰਨਾ ਪੂਰਨ ਤੌਰ 'ਤੇ ਗਲਤ ਹੈ। ਇਸ ਕਾਰਨ ਸੰਗਤ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਇਸ ਕੰਮ ਨੂੰ ਰੋਕਣ ਅਤੇ ਰਸਤੇ ਨੂੰ ਸੰਗਤ ਲਈ ਖੋਲ੍ਹਣ ਦੀ ਮੰਗ ਕੀਤੀ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ 13 ਮਈ 2025 ਨੂੰ ਇਸ ਪ੍ਰੋਜੈਕਟ ਲਈ ਨਿਰਧਾਰਤ ਸ਼ਰਤਾਂ ਤੈਅ ਕੀਤੀਆਂ ਅਤੇ ਤਖ਼ਤ ਸਾਹਿਬ ਦੇ ਮੈਨੇਜਰ ਰਾਹੀਂ ਸਰਕਾਰ ਨੂੰ ਭੇਜ ਦਿੱਤੀਆਂ ਸੀ। ਪਰ ਸਰਕਾਰ ਨੇ ਸਮੇਂ ਸਿਰ ਕੰਮ ਸ਼ੁਰੂ ਕਰਨ ਦੀ ਬਜਾਏ ਸ਼ਤਾਬਦੀ ਤੋਂ ਸਿਰਫ਼ ਇੱਕ ਮਹੀਨਾ ਪਹਿਲਾਂ ਰਸਤਾ ਬੰਦ ਕਰ ਦਿੱਤਾ, ਜਿਸ ਨਾਲ ਸੰਗਤਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਥੇਦਾਰ ਨੇ ਇਹ ਵੀ ਸਪਸ਼ਟ ਕੀਤਾ ਕਿ ਰੂਪਨਗਰ-ਨੰਗਲ ਮੁੱਖ ਸੜਕ ਵਾਲੇ ਪਾਸੇ ਕਿਸੇ ਗੇਟ ਜਾਂ ਡਿਊੜੀ ਦੇ ਨਿਰਮਾਣ ਬਾਰੇ ਪ੍ਰੋਜੈਕਟ ਵਿੱਚ ਕੋਈ ਜ਼ਿਕਰ ਨਹੀਂ ਹੈ। ਇਸ ਲਈ ਪੱਟੇ ਗਏ ਟੋਏ ਤੁਰੰਤ ਹਟਾਏ ਜਾਣ ਅਤੇ ਰਸਤੇ ਨੂੰ ਪਹਿਲਾਂ ਦੀ ਤਰ੍ਹਾਂ ਖੋਲ੍ਹਿਆ ਜਾਣਾ ਚਾਹੀਦਾ ਹੈ।
ਗੜਗੱਜ ਨੇ ਇਹ ਵੀ ਦਹਿਰਾਇਆ ਕਿ ਸ੍ਰੀ ਆਨੰਦਪੁਰ ਸਾਹਿਬ ਖਾਲਸੇ ਦੀ ਜਨਮਭੂਮੀ ਹੈ, ਜਿਸ ਦੀ ਵਿਰਾਸਤ ਅਤੇ ਕੁਦਰਤੀ ਸੁੰਦਰਤਾ ‘ਤੇ ਛੇੜਛਾੜ ਸਿਰਫ਼ ਖਾਲਸਾ ਪੰਥ ਦੀ ਸਾਂਝੀ ਰਾਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਨਜ਼ੂਰੀ ਨਾਲ ਹੀ ਹੋ ਸਕਦੀ ਹੈ।
ਉਨ੍ਹਾਂ ਸਰਕਾਰ ਨੂੰ ਸਿਫ਼ਾਰਸ਼ ਕੀਤੀ ਕਿ ਟੁੱਟੀਆਂ ਸੜਕਾਂ ਦੀ ਮੁਰੰਮਤ ਅਤੇ ਸਤਲੁਜ ਦਰਿਆ ‘ਤੇ ਬਣੇ ਪੁਲਾਂ ਦੀ ਦੇਖਭਾਲ ‘ਤੇ ਧਿਆਨ ਦਿੱਤਾ ਜਾਵੇ ਅਤੇ ਸ਼ਹਿਰ ਅੰਦਰ ਸਫਾਈ ਅਤੇ ਸੰਗਤਾਂ ਦੀ ਸੁਵਿਧਾ ਵਧਾਈ ਜਾਵੇ, ਨਾ ਕਿ ਨਵੇਂ ਰੁਕਾਵਟਾਂ ਪੈਦਾ ਕੀਤੀਆਂ ਜਾਣ।
Get all latest content delivered to your email a few times a month.