ਤਾਜਾ ਖਬਰਾਂ
ਲੁਧਿਆਣਾ : ਸ਼ਹਿਰ ਦੀ ਈ.ਡਬਲਯੂ.ਐੱਸ. (EWS) ਕਲੋਨੀ ਵਿੱਚ, ਜਿੱਥੇ ਆਮ ਲੋਕ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰਦੇ ਹਨ, ਉੱਥੇ ਕੁਝ ਸ਼ਾਤਿਰ ਲੋਕਾਂ ਵੱਲੋਂ ਖੁੱਲ੍ਹੇਆਮ ਗੈਰ-ਕਾਨੂੰਨੀ ਲਾਟਰੀ ਦਾ ਖੇਡ ਚਲਾਇਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਪਾਸੇ ਥਾਣਾ ਡਵੀਜ਼ਨ ਨੰਬਰ-7 ਅਤੇ ਦੂਜੇ ਪਾਸੇ ਸੀ.ਆਈ.ਏ.-2 (CIA-2) ਦੀਆਂ ਟੀਮਾਂ ਸਿਰਫ਼ ਕੁਝ ਹੀ ਕਦਮਾਂ ਦੀ ਦੂਰੀ 'ਤੇ ਹਨ, ਪਰ ਫਿਰ ਵੀ ਇਹ ਨਾਜਾਇਜ਼ ਧੰਦਾ ਬਿਨਾਂ ਕਿਸੇ ਰੋਕ-ਟੋਕ ਦੇ ਚੱਲ ਰਿਹਾ ਹੈ।
ਇਲਾਕੇ ਦੇ ਲੋਕਾਂ ਨੇ ਗੰਭੀਰ ਦੋਸ਼ ਲਾਇਆ ਹੈ ਕਿ ਇਹ ਧੰਦਾ ਪੁਲਿਸ ਅਤੇ ਕੁਝ ਤਖਥਕਥਿਤ ਪੱਤਰਕਾਰਾਂ ਦੀ ਸਾਂਝੀ ਮਿਲੀਭੁਗਤ ਨਾਲ ਚਲਾਇਆ ਜਾ ਰਿਹਾ ਹੈ। ਅਜਿਹੇ ਵਿੱਚ ਪੰਜਾਬ ਪੁਲਿਸ ਦੀ ਭੂਮਿਕਾ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।
ਡੀ.ਜੀ.ਪੀ. ਦੇ ਆਦੇਸ਼ਾਂ ਨੂੰ ਠੇਂਗਾ
ਜਾਣਕਾਰੀ ਅਨੁਸਾਰ, ਡੀ.ਜੀ.ਪੀ. ਵੱਲੋਂ ਗੈਰ-ਕਾਨੂੰਨੀ ਲਾਟਰੀ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਕਾਰਵਾਈ ਹੋਈ ਸੀ। ਕੁਝ ਸਮਾਂ ਬੰਦ ਰਹਿਣ ਤੋਂ ਬਾਅਦ, ਇਹ ਲੋਕ ਫਿਰ ਤੋਂ ਥਾਣਾ ਪੁਲਿਸ ਨਾਲ ਸੈਟਿੰਗ ਕਰਕੇ ਨਾਜਾਇਜ਼ ਲਾਟਰੀ ਦਾ ਕੰਮ ਸ਼ੁਰੂ ਕਰ ਦਿੰਦੇ ਹਨ। ਪਹਿਲਾਂ ਵਾਲੀ ਥਾਂ ਛੱਡ ਕੇ ਇਹ ਲੋਕ ਕੁਝ ਦੂਰੀ 'ਤੇ ਆਸ-ਪਾਸ ਦੀਆਂ ਦੁਕਾਨਾਂ 'ਤੇ ਕੰਮ ਸ਼ੁਰੂ ਕਰ ਦਿੰਦੇ ਹਨ।
ਇਸ ਸਮੇਂ ਈ.ਡਬਲਯੂ.ਐੱਸ. ਕਲੋਨੀ ਵਿੱਚ ਸਰੇਆਮ ਦੋ ਦੁਕਾਨਾਂ ਚੱਲ ਰਹੀਆਂ ਹਨ। ਇੱਥੇ ਕੰਮ ਕਰਨ ਵਾਲੇ ਲੋਕ ਖੁੱਲ੍ਹੇਆਮ ਕਹਿੰਦੇ ਹਨ ਕਿ ਉਨ੍ਹਾਂ ਦੀ ਪੁਲਿਸ ਨਾਲ ਚੰਗੀ ਸੈਟਿੰਗ ਹੈ ਅਤੇ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋ ਸਕਦੀ।
ਪੱਤਰਕਾਰ ਦਲਾਲੀ ਦਾ ਕੰਮ ਕਰ ਰਿਹਾ
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਦੁਕਾਨ ਇੱਕ ਤਖਥਕਥਿਤ ਪੱਤਰਕਾਰ ਚਲਾ ਰਿਹਾ ਹੈ, ਜੋ ਅਸਲ ਵਿੱਚ ਦਲਾਲ ਦਾ ਕੰਮ ਕਰ ਰਿਹਾ ਹੈ। ਇਹ ਵਿਅਕਤੀ ਲਾਟਰੀ ਚਲਾਉਣ ਵਾਲਿਆਂ ਨੂੰ ਸ਼ਹਿ ਦਿੰਦਾ ਹੈ ਅਤੇ ਉਨ੍ਹਾਂ ਤੋਂ ਪੁਲਿਸ ਤੇ ਹੋਰ ਅਧਿਕਾਰੀਆਂ ਦੇ ਨਾਮ 'ਤੇ ਪੈਸੇ ਇਕੱਠੇ ਕਰਦਾ ਹੈ ਤਾਂ ਜੋ ਇਹ ਧੰਦਾ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿ ਸਕੇ।
ਪਰਿਵਾਰ ਹੋ ਰਹੇ ਬਰਬਾਦ, ਪੁਲਿਸ ਨਹੀਂ ਕਰਦੀ ਕਾਰਵਾਈ
ਇੱਥੋਂ ਦੇ ਰਿਹਾਇਸ਼ੀ ਲੋਕਾਂ ਦਾ ਕਹਿਣਾ ਹੈ ਕਿ ਸਾਰਾ ਦਿਨ ਲਾਟਰੀ ਨੰਬਰਾਂ ਅਤੇ ਸੱਟੇਬਾਜ਼ੀ ਦੀਆਂ ਆਵਾਜ਼ਾਂ ਗੂੰਜਦੀਆਂ ਰਹਿੰਦੀਆਂ ਹਨ। ਉਨ੍ਹਾਂ ਦੇ ਕਈ ਘਰਾਂ ਦੇ ਨੌਜਵਾਨ ਇਸ ਬੁਰੀ ਲਤ ਵਿੱਚ ਫਸ ਕੇ ਆਪਣੇ ਪਰਿਵਾਰਾਂ ਨੂੰ ਬਰਬਾਦ ਕਰ ਰਹੇ ਹਨ।
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਪੁਲਿਸ ਨੂੰ ਫ਼ੋਨ ਕੀਤਾ, ਪਰ ਹਰ ਵਾਰ ਜਵਾਬ ਮਿਲਿਆ ਕਿ "ਟੀਮ ਭੇਜੀ ਜਾ ਰਹੀ ਹੈ," ਜਦਕਿ ਮੌਕੇ 'ਤੇ ਕੋਈ ਵੀ ਨਹੀਂ ਪਹੁੰਚਿਆ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਹ ਲਾਟਰੀ ਸਟਾਲ ਤੁਰੰਤ ਬੰਦ ਕਰਵਾਏ ਜਾਣ ਅਤੇ ਜਿਹੜੇ ਪੁਲਿਸ ਜਾਂ ਮੀਡੀਆ ਕਰਮਚਾਰੀਆਂ ਦੀ ਇਸ ਵਿੱਚ ਭੂਮਿਕਾ ਹੈ, ਉਨ੍ਹਾਂ ਦੀ ਪਛਾਣ ਕਰਕੇ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
Get all latest content delivered to your email a few times a month.