ਤਾਜਾ ਖਬਰਾਂ
ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਏਡੀਜੀਪੀ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਸੰਵੇਦਨਸ਼ੀਲ ਮਾਮਲੇ ਵਿੱਚ, ਚੰਡੀਗੜ੍ਹ ਪੁਲਿਸ ਨੇ ਵਿਆਪਕ ਅਤੇ ਨਿਰਪੱਖ ਜਾਂਚ ਲਈ ਇੱਕ ਛੇ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ।
ਯੂਟੀ ਚੰਡੀਗੜ੍ਹ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਪੁਸ਼ਪੇਂਦਰ ਕੁਮਾਰ ਦੀ ਅਗਵਾਈ ਹੇਠ ਬਣੀ ਇਹ ਟੀਮ ਮਾਮਲੇ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰੇਗੀ।
FIR 'ਤੇ ਅਧਿਕਾਰੀ ਪਤਨੀ ਨੇ ਚੁੱਕੇ ਸਵਾਲ
ਇਸ ਤੋਂ ਪਹਿਲਾਂ ਵੀਰਵਾਰ ਰਾਤ ਨੂੰ ਚੰਡੀਗੜ੍ਹ ਪੁਲਿਸ ਨੇ ਮ੍ਰਿਤਕ ਅਧਿਕਾਰੀ ਵੱਲੋਂ ਛੱਡੇ ਗਏ ਸੁਸਾਈਡ ਨੋਟ ਦੇ ਆਧਾਰ 'ਤੇ ਕੇਸ ਦਰਜ ਕੀਤਾ ਸੀ। ਹਾਲਾਂਕਿ, ਮ੍ਰਿਤਕ ਅਧਿਕਾਰੀ ਦੀ ਪਤਨੀ, ਸੀਨੀਅਰ ਆਈਏਐਸ ਅਧਿਕਾਰੀ ਅਮਨੀਤ ਪੀ ਕੁਮਾਰ ਨੇ ਦਰਜ ਕੀਤੀ ਗਈ ਐਫਆਈਆਰ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਚੰਡੀਗੜ੍ਹ ਦੀ ਮਹਿਲਾ ਐਸਐਸਪੀ ਕੰਵਰਦੀਪ ਕੌਰ ਨੂੰ ਪੱਤਰ ਲਿਖ ਕੇ ਐਫਆਈਆਰ ਨੂੰ 'ਅਧੂਰਾ' ਦੱਸਿਆ ਹੈ ਅਤੇ ਮੰਗ ਕੀਤੀ ਹੈ ਕਿ ਸੁਸਾਈਡ ਨੋਟ ਵਿੱਚ ਨਾਮਜ਼ਦ ਸਾਰੇ ਦੋਸ਼ੀਆਂ ਦੇ ਨਾਂ ਸਪੱਸ਼ਟ ਤੌਰ 'ਤੇ ਦਰਜ ਕੀਤੇ ਜਾਣ ਅਤੇ SC/ST ਐਕਟ ਦੀਆਂ ਧਾਰਾਵਾਂ ਨੂੰ 'ਹਲਕਾ' ਨਾ ਕੀਤਾ ਜਾਵੇ।
ਹਰਿਆਣਾ ਦੇ DGP ਅਤੇ SP ਰੋਹਤਕ 'ਤੇ FIR
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਨੇ ਇਹ ਕਾਰਵਾਈ ਆਈਏਐਸ ਅਧਿਕਾਰੀ ਅਮਨੀਤ ਪੀ ਕੁਮਾਰ ਦੀ ਸ਼ਿਕਾਇਤ ਅਤੇ ਸੁਸਾਈਡ ਨੋਟ ਦੇ ਆਧਾਰ 'ਤੇ ਕੀਤੀ ਹੈ, ਜਿਸ ਵਿੱਚ ਹਰਿਆਣਾ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਸ਼ਤਰੂਜੀਤ ਸਿੰਘ ਕਪੂਰ ਅਤੇ ਰੋਹਤਕ ਦੇ ਪੁਲਿਸ ਸੁਪਰਡੈਂਟ (ਐਸਪੀ) ਨਰਿੰਦਰ ਬਿਜਾਰਨੀਆ ਸਮੇਤ ਕਈ ਅਧਿਕਾਰੀਆਂ 'ਤੇ ਖੁਦਕੁਸ਼ੀ ਲਈ ਉਕਸਾਉਣ ਅਤੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ (ਅੱਤਿਆਚਾਰ ਰੋਕਥਾਮ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਤੇਜ਼ ਅਤੇ ਨਿਰਪੱਖ ਜਾਂਚ ਦੀ ਮੰਗ
ਦੂਜੇ ਪਾਸੇ, ਹਰਿਆਣਾ ਦੇ ਵਧੀਕ ਮੁੱਖ ਸਕੱਤਰ ਡੀ. ਸੁਰੇਸ਼ ਕੁਮਾਰ ਨੇ ਇਸ ਮਾਮਲੇ ਵਿੱਚ ਨਿਰਪੱਖ ਅਤੇ ਤੇਜ਼ ਜਾਂਚ ਦੇ ਨਾਲ-ਨਾਲ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ, ਜਿਸ ਨਾਲ ਮਾਮਲੇ ਦੀ ਗੰਭੀਰਤਾ ਹੋਰ ਵੱਧ ਗਈ ਹੈ।
ਐਸਆਈਟੀ ਹੁਣ ਪੁਲਿਸ ਸਟੇਸ਼ਨ ਸੈਕਟਰ-11 (ਪੱਛਮੀ) ਵਿਖੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ ਅਤੇ SC/ST (ਅੱਤਿਆਚਾਰ ਰੋਕਥਾਮ) ਐਕਟ, 1989 ਦੀਆਂ ਧਾਰਾਵਾਂ ਤਹਿਤ ਦਰਜ ਮਾਮਲੇ ਦੀ ਜਾਂਚ ਕਰੇਗੀ। ਮਾਮਲੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ, ਪੁਲਿਸ 'ਤੇ ਜਲਦੀ ਅਤੇ ਨਿਆਂਪੂਰਨ ਜਾਂਚ ਕਰਨ ਦਾ ਦਬਾਅ ਹੈ।
Get all latest content delivered to your email a few times a month.