IMG-LOGO
ਹੋਮ ਪੰਜਾਬ: ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਹਰਜੋਤ...

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਆਵਾਜਾਈ ਸੁਚਾਰੂ ਬਣਾਉਣ ਲਈ ਸੜਕਾਂ ਅਪਗ੍ਰੇਡ ਕਰਨ ਦੇ...

Admin User - Oct 09, 2025 08:46 PM
IMG

ਚੰਡੀਗੜ੍ਹ, 9 ਅਕਤੂਬਰ:

ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਤੁਰੰਤ ਅਪਗ੍ਰੇਡ ਕਰਨ ਅਤੇ ਨਵੰਬਰ ਦੇ ਅੱਧ ਤੱਕ ਇਹਨਾਂ ਸੜਕਾਂ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਕਰਨ ਦੀ ਹਦਾਇਤ ਕੀਤੀ ਹੈ ਤਾਂ ਜੋ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਸਬੰਧੀ ਸਮਾਗਮਾਂ ਵਿੱਚ ਪਹੁੰਚਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ।

ਇਨ੍ਹਾਂ ਇਤਿਹਾਸਕ  ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ. ਬੈਂਸ ਨੇ ਰੋਪੜ ਦੇ ਜ਼ਿਲ੍ਹਾ ਅਧਿਕਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪੰਜਾਬ ਸਿਵਲ ਸਕੱਤਰੇਤ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਸੜਕੀ ਬੁਨਿਆਦੀ ਢਾਂਚੇ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਸਾਰੀਆਂ ਬੁਨਿਆਦੀ ਸਹੂਲਤਾਂ ਨੂੰ ਸਮੇਂ ਸਿਰ ਯਕੀਨੀ ਬਣਾਉਣ ਸਬੰਧੀ ਸਖ਼ਤ ਹਦਾਇਤਾਂ ਦਿੱਤੀਆਂ। 

ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਵਿੱਤਰ ਸ਼ਹਿਰ ਨੂੰ ਨਿਰਵਿਘਨ ਸੰਪਰਕ ਪ੍ਰਦਾਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸਾਰੀਆਂ ਪਹੁੰਚ ਸੜਕਾਂ ਸਹੀ ਹਾਲਤ ਵਿੱਚ ਹੋਣ, ਜਿਸ ਨਾਲ ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਲਈ ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਯਕੀਨੀ ਬਣਾਈ ਜਾ ਸਕੇ।

ਵਿਆਪਕ ਪ੍ਰਬੰਧਾਂ ਦਾ ਵੇਰਵਾ ਦਿੰਦੇ ਹੋਏ, ਸ. ਬੈਂਸ ਨੇ ਕਿਹਾ ਕਿ ਮਜ਼ਬੂਤ ਸੜਕੀ ਬੁਨਿਆਦੀ ਢਾਂਚੇ ਦੇ ਨਾਲ-ਨਾਲ, ਸਰਕਾਰ ਮੁੱਖ ਮਾਰਗਾਂ ਅਤੇ ਸੰਗਤ ਦੇ ਇਕੱਤਰਤਾ ਵਾਲੇ ਸਥਾਨਾਂ `ਤੇ ਸਟਰੀਟ ਲਾਈਟਾਂ, ਢੁਕਵੀਂ ਸਫਾਈ, ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਲੋੜੀਂਦੀ ਗਿਣਤੀ ਵਿੱਚ ਜਨਤਕ ਪਖਾਨਿਆਂ ਨੂੰ ਯਕੀਨੀ ਬਣਾ ਰਹੀ ਹੈ। ਉਨ੍ਹਾਂ ਸ਼ਰਧਾਲੂਆਂ ਦੀ ਸਹੂਲਤ ਲਈ ਢੁਕਵੇਂ ਸੰਕੇਤ ਬੋਰਡ , ਲਾਈਟਿੰਗ ਅਤੇ ਪਹੁੰਚਯੋਗ ਡਾਕਟਰੀ ਸਹੂਲਤਾਂ ਵਾਲੇ ਨਿਰਧਾਰਤ ਪਾਰਕਿੰਗ ਖੇਤਰ ਸਥਾਪਤ ਕਰਨ `ਤੇ ਵੀ ਜ਼ੋਰ ਦਿੱਤਾ।

ਸੰਗਤਾਂ ਦੇ ਰੂਹਾਨੀ ਅਨੁਭਵ ਨੂੰ ਹੋਰ ਬਿਹਤਰ ਤੇ ਰਮਣੀਕ ਬਣਾਉਣ ਲਈ ਸ. ਬੈਂਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਖੇਤਰ ਦੇ ਪਵਿੱਤਰ ਧਾਰਮਿਕ ਅਸਥਾਨਾਂ ਦੇ ਇਤਿਹਾਸ ਅਤੇ ਮਹੱਤਵ ਨੂੰ ਦਰਸਾਉਣ ਲਈ ਵੱਖ-ਵੱਖ ਪ੍ਰਮੁੱਖ ਸਥਾਨਾਂ `ਤੇ ਐਲਈਡੀ ਸਕ੍ਰੀਨਾਂ ਲਗਾਉਣ ਦੇ ਨਿਰਦੇਸ਼ ਵੀ ਦਿੱਤੇ।

ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ, ਸਥਾਨਕ ਸਰਕਾਰਾਂ, ਸੈਰ-ਸਪਾਟਾ, ਪੁਲਿਸ, ਸਿਹਤ ਅਤੇ ਬਿਜਲੀ ਸਮੇਤ ਸਾਰੇ ਵਿਭਾਗਾਂ ਨੂੰ ਪੂਰਨ ਤਾਲਮੇਲ ਨਾਲ ਕੰਮ ਕਰਨ ਅਤੇ ਸਾਰੇ ਪ੍ਰਬੰਧਾਂ ਨੂੰ ਅਗਾਊਂ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਗਮਾਂ ਦੌਰਾਨ ਸਫਾਈ, ਅਨੁਸ਼ਾਸਨ ਅਤੇ ਸ਼ਰਧਾਲੂ ਦੀ ਸਹੂਲਤ ਮੁਤਾਬਿਕ ਸੁਚੱਜੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਸ਼ਰਧਾਲੂਆਂ ਲਈ ਇੱਕ ਯਾਦਗਾਰੀ, ਸੁਰੱਖਿਅਤ ਅਤੇ ਰਮਣੀਕ -ਰੂਹਾਨੀ  ਅਨੁਭਵ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਮੀਟਿੰਗ ਵਿੱਚ ਮੌਜੂਦ ਪ੍ਰਮੁੱਖ ਅਧਿਕਾਰੀਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ, ਰੋਪੜ ਪੂਜਾ ਸਿਆਲ, ਐਸ.ਡੀ.ਐਮ. ਜਸਪ੍ਰੀਤ ਸਿੰਘ, ਆਰ.ਟੀ.ੲ.ੇ ਗੁਰਵਿੰਦਰ ਸਿੰਘ ਜੌਹਲ, ਬੀਬੀਐਮਬੀ ਦੇ ਮੁੱਖ ਇੰਜੀਨੀਅਰ ਐਨ.ਪੀ. ਸਿੰਘ, ਐਕਸੀਅਨ ਹਰਜੋਤ ਵਾਲੀਆ, ਐਕਸੀਅਨ ਹਰਜੀਤ ਸਿੰਘ, ਐਕਸੀਅਨ ਐਸ.ਐਸ. ਭੁੱਲਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.