ਤਾਜਾ ਖਬਰਾਂ
ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਅਤੇ ਨਗਰ ਨਿਗਮ ਬਠਿੰਡਾ ਦੇ ਸਹਿਯੋਗ ਨਾਲ਼ ਚੱਲ ਰਹੇ 14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਤੇਰ੍ਹਵੇਂ ਦਿਨ ਸਿਰਮੌਰ ਨਾਟਕਕਾਰ ਬਲਵੰਤ ਗਾਰਗੀ ਦਾ ਨਾਟਕ ‘ਮਿਰਜ਼ਾ-ਸਾਹਿਬਾਂ’ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ। ਦਸਤਕ ਥੀਏਟਰ ਅੰਮ੍ਰਿਤਸਰ ਦੀ ਟੀਮ ਨੇ ਇਸ ਨਾਟਕ ਨੂੰ ਰਾਜਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਖੇਡਿਆ, ਜਿਸ ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ ਦੀਆਂ ਨਾਟ-ਜੁਗਤਾਂ ਨੂੰ ਕਲਾਤਮਕ ਢੰਗ ਨਾਲ ਸ਼ਾਮਿਲ ਕਰਕੇ ਦੋ ਵੱਖਰੇ ਅੰਤ ਦਰਸਾਏ ਗਏ। ਇੱਕ ਰਵਾਇਤੀ ਮੁਕਾਅ ਸੀ, ਜਦਕਿ ਦੂਸਰੇ ਵਿੱਚ ਸਾਹਿਬਾਂ ਨੂੰ ਨਾਰੀਵਾਦ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ।
ਨਾਟ-ਉਤਸਵ ਦੌਰਾਨ ਸਤਿਕਾਰਿਤ ਮਹਿਮਾਨਾਂ ਵਜੋਂ ਡਾ. ਰੌਨਿਲ ਕੌਸ਼ਲ, ਐਮ.ਡੀ., ਬਠਿੰਡਾ ਨਿਊਰੋਸਪਾਈਨ ਐਂਡ ਟਰੌਮਾ ਸੈਂਟਰ, ਪ੍ਰੋ. ਪਰਮਜੀਤ ਸਿੰਘ, ਡੀਨ ਯੁਵਕ ਭਲਾਈ ਵਿਭਾਗ, ਡਾ. ਅਮਿਤ, ਡੀਨ ਅਕਾਦਮਿਕ, ਅਤੇ ਡਾ. ਰਮਨਪ੍ਰੀਤ, ਮੁਖੀ ਪੰਜਾਬੀ ਵਿਭਾਗ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ ਸ਼ਿਰਕਤ ਕੀਤੀ। ਨਾਟਿਅਮ ਪੰਜਾਬ ਦੇ ਪ੍ਰਧਾਨ ਸੁਰਿੰਦਰ ਕੌਰ ਅਤੇ ਕੋਆਰਡੀਨੇਟਰ ਗੁਰਨੂਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ।
ਮਹਿਮਾਨਾਂ ਨੇ ਨਾਟਕ ਅਤੇ ਟੀਮ ਦੀਆਂ ਯਤਨਸ਼ੀਲਤਾਵਾਂ ਦੀ ਖੂਬ ਸ਼ਲਾਘਾ ਕੀਤੀ। ਡਾ. ਰੌਨਿਲ ਕੌਸ਼ਲ ਨੇ ਡਾਇਰੈਕਟਰ ਕੀਰਤੀ ਕਿਰਪਾਲ ਅਤੇ ਡਾ. ਕਸ਼ਿਸ਼ ਗੁਪਤਾ ਦੀ ਅਗਵਾਈ ਵਾਲੀ ਨਾਟਿਅਮ ਟੀਮ ਦੀ ਮਹਨਤ ਅਤੇ ਜੁਝਾਰੂ ਰੂਹ ਦੀ ਪ੍ਰਸ਼ੰਸਾ ਕੀਤੀ। ਪ੍ਰੋ. ਪਰਮਜੀਤ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਟੀਮ ਵਿੱਚ ਸ਼ਾਮਿਲ ਹੋਣ ਅਤੇ ਅਦਾਕਾਰੀ ਦੇ ਨਾਲ-ਨਾਲ ਹੋਰ ਜੀਵਨ ਸਿਖਲਾਈ ਲੈਣ ਦੀ ਸਫਲਤਾ ਨੂੰ ਸੰਭਵ ਬਣਾਉਣ ਲਈ ਖੁਸ਼ੀ ਪ੍ਰਗਟ ਕੀਤੀ। ਡਾ. ਅਮਿਤ ਨੇ ਕਲਾ ਦੀਆਂ ਬਰੀਕੀਆਂ ਵਿਦਿਆਰਥੀਆਂ ਨੂੰ ਸਿਖਾਉਣ ਵਾਲੇ ਕਾਰਜ ਦੀ ਮਹੱਤਤਾ ਬਿਆਨ ਕੀਤੀ ਅਤੇ ਡਾ. ਰਮਨਪ੍ਰੀਤ ਨੇ ਵਿਸ਼ਾਲ ਨਾਟ-ਉਤਸਵ ਕੈਨਵਸ ਦੀ ਭਰਪੂਰ ਸ਼ਲਾਘਾ ਕੀਤੀ।
ਫੈਸਟੀਵਲ ਦੌਰਾਨ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਵਿੱਚ ਦਰਸ਼ਕਾਂ ਨੇ ਦਿਲਚਸਪੀ ਵਿਖਾਈ, ਜਦਕਿ ਓਪਨ ਮਾਈਕ ਸੈਸ਼ਨ ਵੀ ਸਫਲਤਾਪੂਰਵਕ ਚੱਲ ਰਿਹਾ ਸੀ। ਮੰਚ ਸੰਚਾਲਨ ਡਾ. ਸੰਦੀਪ ਸਿੰਘ ਮੋਹਲਾਂ ਅਤੇ ਸ਼੍ਰੀ ਗੁਰਮੀਤ ਧੀਮਾਨ ਨੇ ਸਾਂਝੇ ਰੂਪ ਵਿੱਚ ਨਿਭਾਇਆ। ਨਾਟਿਅਮ ਸਰਪ੍ਰਸਤਾਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਸਮੇਤ ਸਾਰੇ ਪ੍ਰਮੁੱਖ ਸਤਿਕਾਰਯੋਗ ਵਿਅਕਤੀਆਂ ਨੇ ਇਸ ਸਮਾਗਮ ਵਿੱਚ ਭਾਗ ਲਿਆ, ਜਿਸ ਨਾਲ ਇਸ ਨਾਟ-ਉਤਸਵ ਦੀ ਸ਼ਾਨ ਅਤੇ ਕਲਾ ਪ੍ਰਤੀ ਲੋਕਾਂ ਦੀ ਦਿਲਚਸਪੀ ਦਿਖਾਈ ਦਿੱਤੀ।
Get all latest content delivered to your email a few times a month.