IMG-LOGO
ਹੋਮ ਪੰਜਾਬ: ਪੰਜਾਬ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ 'ਚ ਵੱਡੇ ਬਦਲਾਅ ਲਈ...

ਪੰਜਾਬ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ 'ਚ ਵੱਡੇ ਬਦਲਾਅ ਲਈ ਰੋਡਮੈਪ ਤਿਆਰ ਕਰਨ ਵਾਸਤੇ ਸੈਕਟਰ-ਵਿਸ਼ੇਸ਼ ਕਮੇਟੀ ਗਠਤ

Admin User - Oct 09, 2025 07:46 PM
IMG

ਢਾਂਚਾਗਤ ਅਤੇ ਪਾਰਦਰਸ਼ੀ ਰੀਅਲ ਅਸਟੇਟ ਈਕੋਸਿਸਟਮ ਸਿਰਜਣ ਲਈ ਖੇਤਰ-ਪੱਖੀ ਨੀਤੀਗਤ ਇਨਪੁਟ ਪ੍ਰਦਾਨ ਕਰੇਗੀ ਕਮੇਟੀ: ਹਰਦੀਪ ਸਿੰਘ ਮੁੰਡੀਆਂ

ਚੰਡੀਗੜ੍ਹ, 9 ਅਕਤੂਬਰ:

ਪੰਜਾਬ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ ਵਿੱਚ ਸਾਕਾਰਾਤਮਕ ਬਦਲਾਅ ਲਈ ਇਕ ਸੈਕਟਰ-ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਸਰਕਾਰ ਅਤੇ ਰੀਅਲ ਅਸਟੇਟ ਉਦਯੋਗ ਦਰਮਿਆਨ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਰੋਡਮੈਪ ਤਿਆਰ ਕਰੇਗੀ। ਇਸ ਕਮੇਟੀ ਦਾ ਗਠਨ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਪੰਜਾਬ ਵਿੱਚ ਅਗਾਂਹਵਧੂ, ਪਾਰਦਰਸ਼ੀ ਅਤੇ ਨਿਵੇਸ਼-ਪੱਖੀ ਰੀਅਲ ਅਸਟੇਟ ਮਾਹੌਲ ਸਿਰਜਣ ਲਈ ਨੀਤੀ ਘੜਨ ਵਾਸਤੇ ਸੁਝਾਅ ਪ੍ਰਦਾਨ ਕਰਨਾ ਹੈ। 

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਇਸ ਪਹਿਲ ਤਹਿਤ ਰੀਅਲ ਅਸਟੇਟ ਖੇਤਰ ਦੇ ਪ੍ਰਮੁੱਖ ਭਾਈਵਾਲਾਂ ਦੇ ਸਰਗਰਮ ਸਹਿਯੋਗ ਰਾਹੀਂ ਇੱਕ ਬਿਹਤਰੀਨ ਨੀਤੀ ਮਾਡਲ ਤਿਆਰ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਖੇਤਰ ਵਿੱਚ ਟਿਕਾਊ ਵਿਕਾਸ, ਕਾਰੋਬਾਰ ਕਰਨ ਵਿੱਚ ਆਸਾਨੀ ਅਤੇ ਨਿਵੇਸ਼-ਪੱਖੀ ਮਾਹੌਲ ਸਿਰਜਣ ਲਈ ਵਚਨਬੱਧ ਹੈ।

ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਿੱਚ ਸ੍ਰੀ ਦੀਪਕ ਗਰਗ (ਡਾਇਰੈਕਟਰ, ਮਾਰਬੇਲਾ ਗਰੁੱਪ) ਨੂੰ ਚੇਅਰਪਰਸਨ ਅਤੇ ਸ੍ਰੀ ਰੁਪਿੰਦਰ ਸਿੰਘ ਚਾਵਲਾ (ਐਮ.ਡੀ, ਸੀ.ਈ.ਈ. ਈ.ਐਨ.ਐਨ. ਪ੍ਰਮੋਟਰਜ਼ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ) ਨੂੰ ਵਾਈਸ-ਚੇਅਰਮੈਨ ਵਜੋਂ ਸ਼ਾਮਲ ਕੀਤਾ ਗਿਆ ਹੈ। ਕਮੇਟੀ ਮੈਂਬਰਾਂ ਵਿੱਚ ਸ੍ਰੀ ਉਮੰਗ ਜਿੰਦਲ (ਸੀ.ਈ.ਓ, ਹੋਮਲੈਂਡ ਗਰੁੱਪ); ਸ੍ਰੀ ਸੁਖਦੇਵ ਸਿੰਘ (ਡਾਇਰੈਕਟਰ, ਏ.ਜੀ.ਆਈ. ਗਰੁੱਪ); ਸ੍ਰੀ ਪ੍ਰਦੀਪ ਕੁਮਾਰ ਬਾਂਸਲ (ਡਾਇਰੈਕਟਰ, ਐਚ.ਐਲ.ਪੀ. ਗਰੁੱਪ); ਸ. ਬਲਜੀਤ ਸਿੰਘ (ਡਾਇਰੈਕਟਰ, ਜੁਬਲੀ ਗਰੁੱਪ); ਸ੍ਰੀ ਦੀਪਕ ਮਖੀਜਾ (ਬਿਜ਼ਨਸ ਹੈੱਡ ਪੰਜਾਬ, ਏਮਾਰ ਗਰੁੱਪ); ਸ. ਰੁਪਿੰਦਰ ਸਿੰਘ ਗਿੱਲ (ਐਮ.ਡੀ, ਗਿਲਸਨਜ਼ ਕੰਸਟ੍ਰਕਸ਼ਨ ਲਿਮਟਿਡ); ਸ੍ਰੀ ਰੋਹਿਤ ਸ਼ਰਮਾ (ਕਾਰਜਕਾਰੀ ਡਾਇਰੈਕਟਰ, ਡੀ.ਐਲ.ਐਫ. ਗਰੁੱਪ); ਸ੍ਰੀ ਕੇ.ਕੇ. ਸ਼ਰਮਾ ਕੁੱਕੂ (ਡਾਇਰੈਕਟਰ, ਐਸ.ਜੀ. ਗਰੁੱਪ); ਸ੍ਰੀ ਮੋਹਿੰਦਰ ਗੋਇਲ (ਚੇਅਰਮੈਨ, ਐਫੀਨਿਟੀ ਗਰੁੱਪ); ਸ੍ਰੀ ਵਰੁਣ ਧਾਮ (ਡਾਇਰੈਕਟਰ, ਕੇ.ਐਲ.ਵੀ. ਬਿਲਡਰਜ਼) ਸ਼ਾਮਲ ਹੋਣਗੇ ਜਦਕਿ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਏ.ਸੀ.ਏ, ਗਮਾਡਾ ਮੈਂਬਰ ਸਕੱਤਰ ਵਜੋਂ ਕਾਰਜ ਕਰਨਗੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਕਮੇਟੀ ਦਾ ਮੁੱਖ ਕਾਰਜ ਸੂਬੇ ਦੇ ਵਿੱਤੀ ਅਤੇ ਸੰਰਚਨਾਤਮਕ ਢਾਂਚੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਰੀਅਲ ਅਸਟੇਟ ਖੇਤਰ ਮੁਤਾਬਕ ਸਰਕਾਰ ਨੂੰ ਢਾਂਚਾਗਤ ਅਤੇ ਵਿਹਾਰਕ ਨੀਤੀਗਤ ਇਨਪੁਟ ਪ੍ਰਦਾਨ ਕਰਨਾ ਹੈ। ਇਹ ਕਮੇਟੀ ਦੂਜੇ ਸੂਬਿਆਂ ਵੱਲੋਂ ਅਪਣਾਏ ਗਏ ਸਰਬੋਤਮ ਅਭਿਆਸਾਂ ਅਤੇ ਨੀਤੀਗਤ ਢਾਂਚੇ ਦਾ ਅਧਿਐਨ ਕਰੇਗੀ ਅਤੇ ਪੰਜਾਬ ਦੀਆਂ ਵਿਕਾਸ ਤਰਜੀਹਾਂ ਮੁਤਾਬਕ ਸਿਫਾਰਸ਼ਾਂ ਪ੍ਰਦਾਨ ਕਰੇਗੀ। ਇਹ ਕਮੇਟੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਛੇ ਹਫ਼ਤਿਆਂ ਦੇ ਅੰਦਰ ਆਪਣੀਆਂ ਲਿਖਤੀ ਸਿਫਾਰਸ਼ਾਂ ਪੇਸ਼ ਕਰੇਗੀ।

ਉਨ੍ਹਾਂ ਦੱਸਿਆ ਕਿ ਇਸ ਕਮੇਟੀ ਦੇ ਮੈਂਬਰ ਸਕੱਤਰ ਵੱਲੋਂ ਕਮੇਟੀ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਮੈਂਬਰ ਸਕੱਤਰ ਵੱਲੋਂ ਹੀ ਮੀਟਿੰਗਾਂ ਸਬੰਧੀ ਤਾਲਮੇਲ ਕਰਨ ਦੇ ਨਾਲ-ਨਾਲ ਕਾਰਵਾਈ ਦੇ ਮਿੰਟ ਵੀ ਤਿਆਰ ਕੀਤੇ ਜਾਣਗੇ।

ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਇਸ ਕਮੇਟੀ ਦਾ ਗਠਨ ਰੀਅਲ ਅਸਟੇਟ ਸੈਕਟਰ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਨਿਵੇਸ਼ਕ-ਪੱਖੀ ਸੁਧਾਰਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.