ਤਾਜਾ ਖਬਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਵਿੱਚ ਅੱਜ ਇੱਕ ਮਹੱਤਵਪੂਰਨ ਯੋਗਦਾਨ ਮਿਲਿਆ, ਜਦੋਂ ਜਮਾਇਤੁਲ ਕੁਰੈਸ਼ ਸੰਮਤੀ, ਫਤਿਹਪੁਰ ਸੇਖਾਵਾਟੀ (ਸੀਕਰ, ਰਾਜਿਸਥਾਨ) ਵੱਲੋਂ 10 ਲੱਖ ਰੁਪਏ ਦੀ ਰਕਮ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੀ ਗਈ। ਇਸ ਦੌਰਾਨ ਸੰਮਤੀ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਐਡਵੋਕੇਟ ਧਾਮੀ ਨੇ ਇਸ ਸਹਿਯੋਗ ਲਈ ਜਮਾਇਤੁਲ ਕੁਰੈਸ਼ ਸੰਮਤੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲੇ ਦਿਨ ਤੋਂ ਹੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਤਨ-ਮਨ ਨਾਲ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਕਮੇਟੀ ਨੇ ਆਪਣੇ ਸਰੋਤਾਂ ਰਾਹੀਂ ਮਦਦ ਕੀਤੀ ਹੈ, ਉੱਥੇ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵੱਲੋਂ ਵੀ ਵੱਡੇ ਪੱਧਰ ’ਤੇ ਸਹਿਯੋਗ ਮਿਲ ਰਿਹਾ ਹੈ। ਮੁਸਲਿਮ ਭਾਈਚਾਰੇ ਵੱਲੋਂ ਇਸ ਤੋਂ ਪਹਿਲਾਂ ਵੀ ਸਹਾਇਤਾ ਭੇਟ ਕੀਤੀ ਗਈ ਸੀ ਅਤੇ ਹੁਣ ਵੀ 10 ਲੱਖ ਰੁਪਏ ਦੀ ਰਕਮ ਯੋਗਦਾਨ ਵਜੋਂ ਦਿੱਤੀ ਗਈ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੰਗਤਾਂ ਅਤੇ ਸੰਸਥਾਵਾਂ ਵੱਲੋਂ ਮਿਲ ਰਹੀ ਮਦਦ ਨਾਲ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਲਈ ਕਣਕ ਦੇ ਬੀਜਾਂ ਸਮੇਤ ਹੋਰ ਲੋੜੀਂਦੇ ਸਮਾਨ ਦੀ ਪ੍ਰਾਪਤੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਹਿਯੋਗ ਸਿਰਫ਼ ਆਰਥਿਕ ਹੀ ਨਹੀਂ, ਸਗੋਂ ਆਪਸੀ ਭਰਾਵਾਂ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਵੀ ਮਜ਼ਬੂਤ ਕਰਦਾ ਹੈ।
ਜਮਾਇਤੁਲ ਕੁਰੈਸ਼ ਸੰਮਤੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਨ੍ਹਾਂ ਦਾ ਸਮਾਜ ਹਮੇਸ਼ਾ ਹੀ ਲੋਕ ਭਲਾਈ ਦੇ ਕੰਮਾਂ ਵਿੱਚ ਅੱਗੇ ਰਹਿੰਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਜਾਬ ਦੀ ਪ੍ਰਮੁੱਖ ਸੰਸਥਾ ਹੈ ਜੋ ਨਿਰੰਤਰ ਲੋਕਾਂ ਦੀ ਸੇਵਾ ਕਰ ਰਹੀ ਹੈ, ਇਸ ਲਈ ਇਕੱਤਰ ਕੀਤੀ ਗਈ ਮਾਇਆ ਇਸ ਸੰਸਥਾ ਨੂੰ ਸੌਂਪੀ ਗਈ ਹੈ ਤਾਂ ਜੋ ਲੋੜਵੰਦਾਂ ਤੱਕ ਸਹੀ ਤਰੀਕੇ ਨਾਲ ਮਦਦ ਪਹੁੰਚ ਸਕੇ। ਇਸ ਮੌਕੇ SGPC ਪ੍ਰਧਾਨ ਨੇ ਸੰਮਤੀ ਦੇ ਆਗੂਆਂ ਅਬਦੁਲ ਜ਼ਬਾਰ ਗੋਛੀਆ, ਮੋਲਾਨਾ ਸਾਦ ਮੁਕਤੀ, ਸਾਹਨਿਵਾਜ਼, ਮੁਹੰਮਦ ਹਨੀਫ਼ ਜਿੰਦਰਾਨ, ਸਲੀਮ ਚੌਧਰੀ ਅਤੇ ਅਫੀਰ ਅਲਿਆਸ ਖੋਖਰ ਦਾ ਸਨਮਾਨ ਵੀ ਕੀਤਾ। ਸਮਾਗਮ ਵਿੱਚ ਕਮੇਟੀ ਦੇ ਕਈ ਮੈਂਬਰ ਅਤੇ ਅਧਿਕਾਰੀ ਵੀ ਹਾਜ਼ਰ ਸਨ।
Get all latest content delivered to your email a few times a month.