IMG-LOGO
ਹੋਮ ਪੰਜਾਬ: ਰੂਪਨਗਰ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਮੋਮਬੱਤੀ ਬਣਾਉਣ ਦੀ ਸਿਖਲਾਈ...

ਰੂਪਨਗਰ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਮੋਮਬੱਤੀ ਬਣਾਉਣ ਦੀ ਸਿਖਲਾਈ ਸੈਸ਼ਨ ਆਯੋਜਿਤ

Admin User - Oct 03, 2025 03:36 PM
IMG

ਰੂਪਨਗਰ, 3 ਅਕਤੂਬਰ: ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਨਸ਼ਾ ਮੁਕਤੀ ਕੇਂਦਰ, ਸਿਵਲ ਹਸਪਤਾਲ ਰੂਪਨਗਰ ਵਿਖੇ ਵਿਸ਼ੇਸ਼ ਤੌਰ ‘ਤੇ ਪ੍ਰੇਰਣਾਦਾਇਕ ਅਤੇ ਰੁਜ਼ਗਾਰ ਯੋਗਤਾ ਵਧਾਉਣ ਵਾਲੀ ਸਰਗਰਮੀ ਕਰਵਾਈ ਗਈ। ਇਸ ਤਹਿਤ ਪੈਰਾਪਲੇਜਿਕ ਰੀਹੈਬਲੀਟੇਸ਼ਨ ਸੈਂਟਰ ਫੇਜ਼ 6 ਮੋਹਾਲੀ ਦੀ ਸਹਿਯੋਗ ਨਾਲ ਮੋਮਬੱਤੀ ਬਣਾਉਣ ਦੀ ਸਿਖਲਾਈ ਦਾ ਸੈਸ਼ਨ ਆਯੋਜਿਤ ਕੀਤਾ ਗਿਆ ਜਿਸ ਵਿੱਚ ਕੇਂਦਰ ਵਿੱਚ ਇਲਾਜ ਅਧੀਨ ਲਗਭਗ 30 ਮਰੀਜ਼ਾਂ ਨੇ ਹਿੱਸਾ ਲਿਆ।

ਕਾਊਂਸਲਰ ਪ੍ਰਭਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਸ਼ਨ ਦਾ ਮੁੱਖ ਮੰਤਵ ਮਰੀਜ਼ਾਂ ਨੂੰ ਸਵੈ-ਰੋਜ਼ਗਾਰ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਨਵੀਂ ਦਿਸ਼ਾ ਦੇਣਾ ਸੀ। ਘੱਟ ਖਰਚੇ ਨਾਲ ਘਰ ਬੈਠੇ ਮੋਮਬੱਤੀਆਂ ਬਣਾਕੇ ਆਮਦਨ ਕਰਨ ਦਾ ਤਰੀਕਾ ਦੱਸਿਆ ਗਿਆ। ਰੰਗਦਾਰ ਅਤੇ ਫੈਂਸੀ ਮੋਮਬੱਤੀਆਂ ਦੀ ਤਿਉਹਾਰਾਂ ਸਮੇਤ ਸਾਲ ਭਰ ਬਹੁਤ ਮੰਗ ਰਹਿੰਦੀ ਹੈ।

ਇਸ ਸੈਸ਼ਨ ਦੀ ਖ਼ਾਸ ਗੱਲ ਇਹ ਸੀ ਕਿ ਟ੍ਰੇਨਿੰਗ ਦੇਣ ਲਈ ਪੈਰਾਪਲੇਜਿਕ ਰੀਹੈਬਲੀਟੇਸ਼ਨ ਸੈਂਟਰ ਦੇ ਸਾਬਕਾ ਫੌਜੀ ਹਵਾਲਦਾਰ ਸੰਜੇ ਸ਼ਰਮਾ ਅਤੇ ਅੰਜੀਵ ਨੇਗੀ, ਜੋ ਖੁਦ ਵੀਲਚੇਅਰ ਉੱਤੇ ਹਨ, ਵਿਸ਼ੇਸ਼ ਤੌਰ ‘ਤੇ ਨਸ਼ਾ ਮੁਕਤੀ ਕੇਂਦਰ, ਰੂਪਨਗਰ ਪਹੁੰਚੇ। ਉਨ੍ਹਾਂ ਦੀ ਹਿੰਮਤ ਅਤੇ ਜ਼ਿੰਦਗੀ ਨਾਲ ਲੜਨ ਦਾ ਜਜ਼ਬਾ ਆਪ ਵਿੱਚ ਪ੍ਰੇਰਣਾ ਦਾ ਸਰੋਤ ਸੀ।

ਸਾਬਕਾ ਫੌਜੀ ਸੰਜੇ ਸ਼ਰਮਾ ਨੇ ਮਰੀਜ਼ਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਨਸ਼ਾ ਸਿਰਫ਼ ਜ਼ਿੰਦਗੀ ਹੀ ਨਹੀਂ ਬਰਬਾਦ ਕਰਦਾ, ਇਹ ਪਰਿਵਾਰ ਅਤੇ ਸਮਾਜ ਨੂੰ ਵੀ ਕਮਜ਼ੋਰ ਕਰਦਾ ਹੈ। ਤੁਸੀਂ ਸਭ ਆਪਣੀ ਇੱਛਾ-ਸ਼ਕਤੀ ਨਾਲ ਇਸ ਆਦਤ ਨੂੰ ਛੱਡਕੇ ਦੇਸ਼ ਦੀ ਤਾਕਤ ਬਣ ਸਕਦੇ ਹੋ। ਮੁੜ ਤੋਂ ਨਵੀਂ ਸ਼ੁਰੂਆਤ ਕਰਨ ਦਾ ਸਮਾਂ ਹੁਣ ਹੀ ਹੈ।”

ਅੰਜੀਵ ਨੇਗੀ ਨੇ ਵੀ ਮਰੀਜ਼ਾਂ ਨੂੰ ਹਿੰਮਤ ਦਿੰਦਿਆਂ ਕਿਹਾ ਕਿ ਅਸਲ ਜੰਗ ਮੈਦਾਨ ਦੀ ਨਹੀਂ, ਆਪਣੇ ਅੰਦਰਲੇ ਕਮਜ਼ੋਰ ਵਿਚਾਰਾਂ ਨਾਲ ਹੈ। ਜਦੋਂ ਮਨੁੱਖ ਆਪਣੇ ਮਨ ਤੇ ਕਾਬੂ ਪਾ ਲੈਂਦਾ ਹੈ ਤਾਂ ਉਹ ਹਰ ਮੁਸ਼ਕਲ ਨੂੰ ਜਿੱਤ ਸਕਦਾ ਹੈ।

ਇਸ ਮੌਕੇ ਡੀਡੀਐਫ ਅਦਿਤੀ ਸ਼ਰਮਾ, ਸਕੱਤਰ ਰੈੱਡ ਕਰਾਸ ਗੁਰਸੋਹਨ ਸਿੰਘ ਸਮੇਤ ਸਿਹਤ ਵਿਭਾਗ ਦਾ ਸਟਾਫ਼ ਵੀ ਮੌਜੂਦ ਸੀ। ਸਭ ਨੇ ਇਕਜੁੱਟ ਹੋ ਕੇ ਮਰੀਜ਼ਾਂ ਨੂੰ ਇਹ ਸੰਦੇਸ਼ ਦਿੱਤਾ ਕਿ ਨਸ਼ਾ ਛੱਡਕੇ ਰਚਨਾਤਮਕ ਕਾਰਜਾਂ ਵੱਲ ਧਿਆਨ ਦੇਣਾ ਹੀ ਸੱਚੀ ਜਿੱਤ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.