ਤਾਜਾ ਖਬਰਾਂ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਤਕ ਤੌਰ 'ਤੇ ਤਾਰੀਫ਼ ਕਰਦੇ ਹੋਏ, ਆਪਣੀ ਸਰਕਾਰ ਨੂੰ ਭਾਰਤ ਨਾਲ ਵਪਾਰ ਅਸੰਤੁਲਨ (Trade Imbalance) ਨੂੰ ਘਟਾਉਣ ਦਾ ਹੁਕਮ ਦਿੱਤਾ ਹੈ।
ਰੂਸੀ ਰਾਸ਼ਟਰਪਤੀ ਨੇ ਬੀਤੇ ਦਿਨ ਦੱਖਣੀ ਰੂਸ ਦੇ ਸੋਚੀ ਸਥਿਤ ਕਾਲਾ ਸਾਗਰ ਰਿਜ਼ੋਰਟ ਵਿਖੇ 140 ਦੇਸ਼ਾਂ ਦੇ ਸੁਰੱਖਿਆ ਅਤੇ ਭੂ-ਰਾਜਨੀਤਿਕ ਮਾਹਰਾਂ ਦੇ ਅੰਤਰਰਾਸ਼ਟਰੀ ਵਲਦਾਈ ਚਰਚਾ ਮੰਚ (International Valdai Discussion Forum) ਤੋਂ ਇਹ ਬਿਆਨ ਦਿੱਤਾ।
PM ਮੋਦੀ 'ਸੰਤੁਲਿਤ, ਬੁੱਧੀਮਾਨ' ਅਤੇ 'ਮਿੱਤਰ'
ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ 'ਮਿੱਤਰ' ਦੱਸਦੇ ਹੋਏ ਭਾਰਤ ਦੀ ਰਾਸ਼ਟਰਵਾਦੀ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਇੱਕ 'ਸੰਤੁਲਿਤ, ਬੁੱਧੀਮਾਨ' ਅਤੇ 'ਰਾਸ਼ਟਰ ਹਿਤੈਸ਼ੀ' ਨੇਤਾ ਹਨ। ਪੁਤਿਨ ਨੇ ਵਿਸ਼ਵਾਸ ਪ੍ਰਗਟਾਇਆ, "ਮੈਂ ਪੀਐਮ ਮੋਦੀ ਨੂੰ ਜਾਣਦਾ ਹਾਂ। ਉਹ ਅਜਿਹਾ ਕੋਈ ਵੀ ਫੈਸਲਾ ਨਹੀਂ ਕਰਨਗੇ, ਜਿਸ ਨਾਲ ਨੁਕਸਾਨ ਹੋਵੇ।"
ਦਸੰਬਰ ਵਿੱਚ ਭਾਰਤ ਦੌਰਾ
ਪੁਤਿਨ ਨੇ ਸਾਲ ਦੇ ਆਖਰੀ ਮਹੀਨੇ ਦਸੰਬਰ ਵਿੱਚ ਆਪਣੀ ਭਾਰਤ ਯਾਤਰਾ 'ਤੇ ਆਉਣ ਦੀ ਖੁਦ ਉਤਸੁਕਤਾ ਜ਼ਾਹਰ ਕੀਤੀ।
ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਦੇ ਟੈਰਿਫ਼ (Trump's tariff) ਕਾਰਨ ਭਾਰਤ ਨੂੰ ਹੋਣ ਵਾਲੇ ਕਿਸੇ ਵੀ ਸੰਭਾਵੀ ਨੁਕਸਾਨ ਦੀ ਭਰਪਾਈ ਰੂਸ ਦੇ ਕੱਚੇ ਤੇਲ ਦੇ ਆਯਾਤ ਨਾਲ ਹੋ ਜਾਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ, "ਭਾਰਤ ਨਾਲ ਸਾਡੀ ਕਦੇ ਕੋਈ ਸਮੱਸਿਆ ਜਾਂ ਅੰਤਰ-ਰਾਜ ਤਣਾਅ ਨਹੀਂ ਰਿਹਾ ਅਤੇ ਨਾ ਕਦੇ ਹੋਵੇਗਾ।"
ਵਪਾਰ ਅਸੰਤੁਲਨ ਘਟਾਉਣ ਦੀ ਤਾਕੀਦ
ਪੁਤਿਨ ਨੇ ਰੂਸ ਅਤੇ ਭਾਰਤ ਵਿਚਾਲੇ ਆਰਥਿਕ ਸਹਿਯੋਗ ਦੀਆਂ ਅਥਾਹ ਸੰਭਾਵਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਮੌਕਿਆਂ ਦਾ ਪੂਰਾ ਲਾਭ ਲੈਣ ਲਈ ਕੁਝ ਖਾਸ ਮੁੱਦਿਆਂ ਨੂੰ ਸੁਲਝਾਉਣ ਦੀ ਲੋੜ ਹੈ।
ਇਸ ਸਮੇਂ ਭਾਰਤ ਵੱਲੋਂ ਰੂਸ ਤੋਂ ਵੱਡੇ ਪੈਮਾਨੇ 'ਤੇ ਕੱਚਾ ਤੇਲ ਖਰੀਦਿਆ ਜਾਂਦਾ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਦਾ ਪੱਧਰ ਭਾਰਤ ਦੇ ਪੱਖ ਵਿੱਚ ਨਹੀਂ ਹੈ। ਪੁਤਿਨ ਚਾਹੁੰਦੇ ਹਨ ਕਿ ਅਮਰੀਕੀ ਦਬਾਅ ਦਾ ਭਾਰਤ 'ਤੇ ਕੋਈ ਅਸਰ ਨਾ ਪਵੇ, ਇਸ ਲਈ ਰੂਸ ਅਤੇ ਭਾਰਤ ਦੇ ਵਪਾਰ ਅਸੰਤੁਲਨ ਨੂੰ ਘੱਟ ਤੋਂ ਘੱਟ ਕੀਤਾ ਜਾਵੇ।
ਪੁਤਿਨ ਨੇ ਕਿਹਾ ਕਿ ਸੋਵੀਅਤ ਯੂਨੀਅਨ ਦੇ ਸਮੇਂ ਤੋਂ, ਜਦੋਂ ਭਾਰਤ ਆਪਣੀ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਉਦੋਂ ਤੋਂ ਹੀ ਦੋਵਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਰਹੇ ਹਨ। ਪੁਤਿਨ ਨੇ ਭਾਰਤ ਦੀ ਤਾਰੀਫ਼ ਕਰਦਿਆਂ ਕਿਹਾ, "ਭਾਰਤ ਇਸ ਨੂੰ ਜਾਣਦਾ ਹੈ, ਯਾਦ ਕਰਦਾ ਹੈ ਅਤੇ ਮਹੱਤਵ ਵੀ ਦਿੰਦਾ ਹੈ। ਭਾਰਤ ਇਸ ਨੂੰ ਭੁੱਲਿਆ ਨਹੀਂ।"
Get all latest content delivered to your email a few times a month.