ਤਾਜਾ ਖਬਰਾਂ
ਚੰਡੀਗੜ੍ਹ/ਬਟਾਲਾ, 27 ਸਤੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਾਰਿਆਂ ਲਈ ਇਨਸਾਫ਼ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਅਨੁਸਾਰ ਇੱਕ ਵੱਡੀ ਕਾਰਵਾਈ ਤਹਿਤ ਪੰਜਾਬ ਪੁਲਿਸ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਹੋਰ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਮਾਡਿਊਲ ਦੇ ਲੋੜੀਂਦੇ ਅੱਤਵਾਦੀ ਪਰਮਿੰਦਰ ਸਿੰਘ ਉਰਫ਼ ਪਿੰਦੀ ਦੀ ਹਵਾਲਗੀ ਹਾਸਲ ਕਰਨ ਉਪਰੰਤ ਉਸਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਅਬੂ ਧਾਬੀ ਤੋਂ ਸਫ਼ਲਤਾਪੂਰਵਕ ਭਾਰਤ ਲੈ ਆਂਦਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਜਾਣਕਾਰੀ ਅਨੁਸਾਰ ਬਟਾਲਾ ਦੇ ਹਰਸ਼ਾ ਦਾ ਰਹਿਣ ਵਾਲਾ ਪਰਮਿੰਦਰ ਸਿੰਘ ਉਰਫ਼ ਪਿੰਦੀ, ਸਿਰਫ਼ ਇੱਕ ਅਪਰਾਧੀ ਨਹੀਂ ਹੈ, ਸਗੋਂ ਇੱਕ ਖ਼ਤਰਨਾਕ ਅੱਤਵਾਦ-ਅਪਰਾਧ ਸਿੰਡੀਕੇਟ ਦਾ ਮੁੱਖ ਸੰਚਾਲਕ ਵੀ ਹੈ। ਦੱਸਣਯੋਗ ਹੈ ਕਿ ਪਿੰਦੀ ਨੂੰ ਬਟਾਲਾ ਪੁਲਿਸ ਦੀ ਟੀਮ ਯੂਏਈ ਤੋਂ ਭਾਰਤ ਲੈ ਕੇ ਆਈ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪਿੰਦੀ ਅੰਤਰਰਾਸ਼ਟਰੀ ਪੱਧਰ ਦੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਹੈਪੀ ਪਾਸੀਆਂ ਦਾ ਨਜ਼ਦੀਕੀ ਸਹਿਯੋਗੀ ਹੈ ਅਤੇ ਬਟਾਲਾ-ਗੁਰਦਾਸਪੁਰ ਖੇਤਰ ਵਿੱਚ ਪੈਟਰੋਲ ਬੰਬ ਹਮਲੇ, ਹਿੰਸਕ ਹਮਲੇ ਅਤੇ ਜਬਰੀ ਵਸੂਲੀ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਪਿੰਦੀ ਅਪਰਾਧਾਂ ਨੂੰ ਅੰਜ਼ਾਮ ਦੇਣ ਅਤੇ ਵਿੱਤੀ ਲੈਣ-ਦੇਣ ਲਈ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰ ਰਿਹਾ ਸੀ।
ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਦੁਆਰਾ ਰੈੱਡ ਕਾਰਨਰ ਨੋਟਿਸ (ਆਰਸੀਐਨ) ਜਾਰੀ ਕਰਨ ਸਬੰਧੀ ਬੇਨਤੀ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੀ ਅਗਵਾਈ ਵਿੱਚ ਸਮਰਪਿਤ ਚਾਰ ਮੈਂਬਰੀ ਟੀਮ 24 ਸਤੰਬਰ, 2025 ਨੂੰ ਯੂਏਈ ਪਹੁੰਚੀ ਅਤੇ ਵਿਦੇਸ਼ ਮੰਤਰਾਲੇ (ਐਮਈਏ) ਤੇ ਯੂਏਈ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਅਤੇ ਦੋਸ਼ੀ ਦੀ ਹਵਾਲਗੀ ਹਾਸਲ ਕੀਤੀ।
ਡੀਜੀਪੀ ਨੇ ਕਿਹਾ ਕਿ ਇਹ ਸਫਲ ਹਵਾਲਗੀ ਪੰਜਾਬ ਪੁਲਿਸ ਦੀ ਅੱਤਵਾਦ ਅਤੇ ਸੰਗਠਿਤ ਅਪਰਾਧ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਦੇ ਨਾਲ-ਨਾਲ ਇਸਦੀਆਂ ਉੱਨਤ ਜਾਂਚ ਸਮਰੱਥਾਵਾਂ ਅਤੇ ਵਿਸ਼ਵਵਿਆਪੀ ਪਹੁੰਚ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਅਸੀਂ ਨਿਆਂ ਨੂੰ ਕਾਇਮ ਰੱਖਣ ਅਤੇ ਰਾਸ਼ਟਰੀ ਸੁਰੱਖਿਆ ਦੀ ਮਜ਼ਬੂਤੀ ਦੇ ਇਸ ਸਾਂਝੇ ਯਤਨ ਵਿੱਚ ਸਹਿਯੋਗ ਲਈ ਵਿਦੇਸ਼ ਮੰਤਰਾਲੇ, ਸੰਯੁਕਤ ਅਰਬ ਅਮੀਰਾਤ ਸਰਕਾਰ, ਸੀਬੀਆਈ ਅਤੇ ਹੋਰ ਕੇਂਦਰੀ ਏਜੰਸੀਆਂ ਦਾ ਧੰਨਵਾਦ ਕਰਦੇ ਹਾਂ।
ਹੋਰ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਬਟਾਲਾ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਪਿੰਦੀ ਦੁਆਰਾ ਕੀਤੇ ਗਏ ਅਪਰਾਧਾਂ ਦੀ ਗੰਭੀਰਤਾ ਅਤੇ ਪਾਕਿਸਤਾਨ-ਅਧਾਰਤ ਅੱਤਵਾਦੀਆਂ ਹਰਵਿੰਦਰ ਰਿੰਦਾ ਅਤੇ ਹੈਪੀ ਪਾਸੀਆਂ ਨਾਲ ਉਸਦੇ ਸਿੱਧੇ ਸਬੰਧਾਂ ਨੂੰ ਦੇਖਦੇ ਹੋਏ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਬਟਾਲਾ ਪੁਲਿਸ ਦੀ ਬੇਨਤੀ 'ਤੇ ਇੰਟਰਪੋਲ ਰਾਹੀਂ ਦੋਸ਼ੀ ਵਿਰੁੱਧ ਰੈੱਡ ਕਾਰਨਰ ਨੋਟਿਸ (ਆਰਸੀਐਨ) ਪ੍ਰਕਾਸ਼ਤ ਕੀਤਾ। ਉਨ੍ਹਾਂ ਕਿਹਾ ਕਿ ਇਹ ਗਲੋਬਲ ਅਲਰਟ ਉਸਦੀਆਂ ਸਰਗਰਮੀਆਂ ਅਤੇ ਅਬੂ ਧਾਬੀ ‘ਚ ਉਸਦੀ ਲੋਕੇਸ਼ਨ ਦਾ ਪਤਾ ਲਗਾਉਣ ਵਿੱਚ ਮਹੱਤਵਪੂਰਨ ਸਾਬਤ ਹੋਇਆ।
ਐਸਐਸਪੀ ਨੇ ਕਿਹਾ ਕਿ ਪਰਮਿੰਦਰ ਪਿੰਦੀ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਅੱਤਵਾਦੀ ਨੈੱਟਵਰਕ ਨੂੰ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕਾਰਵਾਈ ਇੱਕ ਮਜ਼ਬੂਤ, ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਅਪਰਾਧੀ ਕਾਨੂੰਨ ਦੇ ਲੰਮੇ ਹੱਥਾਂ ਤੋਂ ਬਚ ਨਹੀਂ ਸਕਦਾ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਇੰਟਰਪੋਲ ਲਈ ਕੌਮੀ ਕੇਂਦਰੀ ਬਿਊਰੋ ਹੋਣ ਦੇ ਨਾਤੇ ਸੀਬੀਆਈ ਦੇਸ਼ ਭਰ ਵਿੱਚ ਸਾਰੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਭਾਰਤਪੋਲ ਰਾਹੀਂ ਤਾਲਮੇਲ ਕਰਦੀ ਹੈ।
Get all latest content delivered to your email a few times a month.