ਤਾਜਾ ਖਬਰਾਂ
ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚ 18 ਸਤੰਬਰ ਦੀ ਸ਼ਾਮ 6:30 ਵਜੇ ਵੱਡਾ ਹੰਗਾਮਾ ਖੜ੍ਹਾ ਹੋ ਗਿਆ। ਜਾਣਕਾਰੀ ਮੁਤਾਬਕ ਜੇਲ੍ਹ ਦੇ ਬਲਾਕ ਨੰਬਰ 06 ਵਿੱਚ ਬੰਦ ਗੁਰਮੀਤ ਸਿੰਘ ਉਰਫ ਮੀਤਾ, ਬਲਜਿੰਦਰ ਸਿੰਘ ਉਰਫ ਗਾਂਧੀ, ਗੁਰਪ੍ਰੀਤ ਸਿੰਘ ਉਰਫ ਗੋਪੀ ਸ਼ੂਟਰ, ਰੋਹਿਤ ਉਰਫ ਸਮੋ ਤੇ ਗੌਰਵ ਉਰਫ ਗੋਰਾ ਸਮੇਤ ਕਈ ਬੰਦੀਆਂ ਨੇ ਨਿਯਮਾਂ ਦੀ ਉਲੰਘਣਾ ਕਰਦਿਆਂ ਡਿਊਟੀ ਕਰਮਚਾਰੀ ਰਾਣਾ ਸਿੰਘ ਨਾਲ ਧੱਕਾ ਮੁੱਕੀ ਕੀਤੀ। ਉਨ੍ਹਾਂ ਨੇ ਬੈਰਕ ਦੀਆਂ ਚਾਬੀਆਂ ਖੋਹ ਕੇ ਬੈਰਕ ਨੰਬਰ 04 ਨੂੰ ਖੋਲ੍ਹ ਦਿੱਤਾ ਅਤੇ ਕੁਝ ਹੋਰ ਕੈਦੀਆਂ ਨੂੰ ਨਾਲ ਲੈ ਕੇ ਬਾਹਰ ਨਿਕਲ ਗਏ।
ਇਸ ਤੋਂ ਬਾਅਦ ਹਮਲਾਵਰਾਂ ਨੇ ਰਾਣਾ ਸਿੰਘ ਨੂੰ ਹੀ ਬਲਾਕ ਦੇ ਅੰਦਰ ਬੰਦ ਕਰ ਦਿੱਤਾ ਅਤੇ ਇਕੱਠੇ ਹੋ ਕੇ ਡੀ-ਐਡੀਕਸ਼ਨ ਬਲਾਕ ਵੱਲ ਵਧੇ। ਰਸਤੇ ਵਿੱਚ ਉਨ੍ਹਾਂ ਨੇ ਲੋਹੇ ਦੀ ਰਾੜ ਨਾਲ ਤਾਲਾ ਤੋੜ ਕੇ ਰਣਜੋਧ ਸਿੰਘ, ਰਸ਼ਪਾਲ ਸਿੰਘ, ਸੁਖਦੀਪ ਸਿੰਘ ਉਰਫ ਕੱਲਾ ਤੇ ਹੋਰ ਬੰਦੀਆਂ ਉੱਤੇ ਰਾਡਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਕਈ ਬੰਦੀਆਂ ਨੂੰ ਗੰਭੀਰ ਜ਼ਖਮ ਆਏ ਜਦਕਿ ਸਹਾਇਕ ਸੁਪਰਡੈਂਟ ਸੁਖਮੰਦਰ ਸਿੰਘ ਵੀ ਜਖ਼ਮੀ ਹੋ ਗਏ। ਹਮਲਾਵਰਾਂ ਦੀ ਕਾਰਵਾਈ ਦੌਰਾਨ ਕਰਮਚਾਰੀ ਰਾਜਵੀਰ ਸਿੰਘ ਦੀ ਵਰਦੀ ਵੀ ਪਾੜੀ ਗਈ।
ਹਾਲਾਤਾਂ ਨੂੰ ਕਾਬੂ ਕਰਨ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਹਮਲਾਵਰ ਬੰਦੀਆਂ ਨੂੰ ਮੁੜ ਬਲਾਕ ਨੰਬਰ 06 ਵਿੱਚ ਬੰਦ ਕਰ ਦਿੱਤਾ ਗਿਆ। ਜਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਭੇਜਿਆ ਗਿਆ।
ਦੂਜੇ ਪਾਸੇ, ਜਿਨ੍ਹਾਂ ਬੰਦੀਆਂ ਉੱਤੇ ਹਮਲਾ ਕੀਤਾ ਗਿਆ ਸੀ, ਉਨ੍ਹਾਂ ਦੇ ਸਾਥੀਆਂ ਨੇ ਵੀ ਮੁਕਾਬਲੇ ਲਈ ਬੈਰਕਾਂ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਜੇਲ੍ਹ ਅੰਦਰ ਤਨਾਅਪੂਰਨ ਮਾਹੌਲ ਬਣ ਗਿਆ। ਪਰ ਜੇਲ੍ਹ ਪ੍ਰਸ਼ਾਸਨ ਦੀ ਚੁਸਤ ਕਾਰਵਾਈ ਨਾਲ ਵੱਡਾ ਹਾਦਸਾ ਟਲ ਗਿਆ।
ਇਸ ਸੰਬੰਧੀ ਸਹਾਇਕ ਸੁਪਰਡੈਂਟ ਨਛੱਤਰ ਸਿੰਘ ਨੇ ਥਾਣਾ ਸਦਰ ਮੁਕਤਸਰ ਸਾਹਿਬ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੁਲਿਸ ਨੇ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ 221, 132, 115(2), 118(1), 304(2), 127(2) ਅਤੇ ਪ੍ਰਿਜ਼ਨ ਐਕਟ 1894 ਤਹਿਤ ਕਈ ਬੰਦੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
Get all latest content delivered to your email a few times a month.