ਤਾਜਾ ਖਬਰਾਂ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਚੇਨ ਨੂੰ ਤੋੜਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਗੁਮਟਾਲਾ ਚੌਂਕ ਵਿਖੇ ਕੀਤੀ ਗਈ ਨਾਕਾਬੰਦੀ ਦੌਰਾਨ ਪੁਲਿਸ ਨੇ ਤਿੰਨ ਸ਼ਾਤਿਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਵੱਡੀ ਖੇਪ ਬਰਾਮਦ ਕੀਤੀ ਹੈ।
ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਬੇਅੰਤ ਸਿੰਘ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ। ਉਸ ਤੋਂ 2 ਪਿਸਤੌਲ (.32 ਬੋਰ), 2 ਜ਼ਿੰਦਾ ਕਾਰਤੂਸ, 1 ਪਿਸਤੌਲ (.315 ਬੋਰ) ਨਾਲ 2 ਕਾਰਤੂਸ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ ਗਈ। ਬੇਅੰਤ ਸਿੰਘ ਦੇ ਖੁਲਾਸੇ ਤੋਂ ਬਾਅਦ ਗੁਰਪਿੰਦਰ ਸਿੰਘ ਉਰਫ਼ ਸਾਜਨ ਅਤੇ ਯੋਧਬੀਰ ਸਿੰਘ ਉਰਫ਼ ਯੋਧਾ ਨੂੰ ਵੀ ਕਾਬੂ ਕਰ ਲਿਆ ਗਿਆ। ਯੋਧਬੀਰ ਤੋਂ 3 ਪਿਸਤੌਲ (.32 ਬੋਰ) ਅਤੇ 1 ਰਿਵਾਲਵਰ (.32 ਬੋਰ) ਬਰਾਮਦ ਹੋਏ।
ਇਸ ਤਰ੍ਹਾਂ, ਕੁੱਲ ਬਰਾਮਦਗੀ ਵਿੱਚ 5 ਪਿਸਤੌਲ (.32 ਬੋਰ), 1 ਰਿਵਾਲਵਰ (.32 ਬੋਰ), 1 ਪਿਸਤੌਲ (.315 ਬੋਰ), 4 ਜ਼ਿੰਦਾ ਕਾਰਤੂਸ ਅਤੇ 1 ਕਾਰ ਸ਼ਾਮਲ ਹੈ। ਪੁਲਿਸ ਦੇ ਅਨੁਸਾਰ, ਇਹ ਤਿੰਨੋ ਮੁਲਜ਼ਮ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਗ੍ਰਿਫ਼ਤਾਰ ਹੋ ਚੁੱਕੇ ਹਨ। ਬੇਅੰਤ ਸਿੰਘ ਖ਼ਿਲਾਫ 3, ਜਦਕਿ ਯੋਧਬੀਰ ਸਿੰਘ ਖ਼ਿਲਾਫ 4 ਪੁਰਾਣੇ ਕੇਸ ਦਰਜ ਹਨ।
ਪੁਲਿਸ ਦਾ ਕਹਿਣਾ ਹੈ ਕਿ ਇਸ ਵੱਡੀ ਕਾਰਵਾਈ ਨਾਲ ਗੈਂਗਸਟਰਾਂ ਦੇ ਹਥਿਆਰਾਂ ਦੀ ਸਪਲਾਈ ਚੇਨ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ ਅਪਰਾਧਿਕ ਗਤੀਵਿਧੀਆਂ ‘ਤੇ ਨਕੇਲ ਪਾਉਣ ਵਿੱਚ ਮਦਦ ਮਿਲੇਗੀ। ਇਸ ਸਬੰਧੀ ਥਾਣਾ ਕੰਟਾਉਨਮੈਂਟ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Get all latest content delivered to your email a few times a month.