ਤਾਜਾ ਖਬਰਾਂ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਨੇ ਪ੍ਰੈਸ ਕਾਨਫਰੰਸ ਦੌਰਾਨ ਸਿੱਖ ਮੈਰਿਜ ਐਕਟ ਨੂੰ ਲੈ ਕੇ ਆਪਣੀ ਸਪਸ਼ਟ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਇਹ ਐਕਟ ਸਿੱਖਾਂ ਲਈ ਵਿਲੱਖਣ ਤੇ ਸੁਤੰਤਰ ਬਣਾਇਆ ਜਾ ਰਿਹਾ ਹੈ, ਤਾਂ ਇਸਦਾ ਉਹ ਸਵਾਗਤ ਕਰਦੇ ਹਨ। ਪਰ ਜੇ ਇਸਨੂੰ ਹਿੰਦੂ ਐਕਟ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਇਹ ਸਿੱਖਾਂ ਨਾਲ ਧੋਖੇ ਦੇ ਬਰਾਬਰ ਹੋਵੇਗਾ। ਉਨ੍ਹਾਂ ਨੇ ਉਦਾਹਰਣ ਦਿੱਤੀ ਕਿ ਜਿਵੇਂ ਮੁਸਲਮਾਨਾਂ ਲਈ ਵੱਖਰਾ ਐਕਟ ਹੈ, ਉਸੇ ਤਰ੍ਹਾਂ ਸਿੱਖਾਂ ਲਈ ਵੀ ਇੱਕ ਅਲੱਗ ਐਕਟ ਲਾਜ਼ਮੀ ਹੈ।
ਭਾਰਤ–ਪਾਕਿਸਤਾਨ ਮੈਚ ਨੂੰ ਲੈ ਕੇ ਜਥੇਦਾਰ ਨੇ ਕਿਹਾ ਕਿ ਖੇਡਾਂ ਹਮੇਸ਼ਾਂ ਤਣਾਅ ਘਟਾਉਣ ਦਾ ਸਾਧਨ ਬਣਦੀਆਂ ਹਨ। ਪਰ ਇਕ ਪਾਸੇ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਮੈਚ ਕਰਵਾਏ ਜਾ ਰਹੇ ਹਨ, ਜੋ ਕੇਂਦਰ ਸਰਕਾਰ ਦੀ ਦੋਹਰੀ ਨੀਤੀ ਨੂੰ ਦਰਸਾਉਂਦਾ ਹੈ। ਇਹ ਮਾਪਦੰਡ ਕਦੇ ਵੀ ਸਵੀਕਾਰ ਨਹੀਂ ਕੀਤੇ ਜਾਣਗੇ।
ਜਥੇਦਾਰ ਨੇ ਬਠਿੰਡਾ ਜੇਲ ਵਿੱਚ ਕੈਦੀ ਸੰਦੀਪ ਸਿੰਘ ਸਨੀ ਉੱਤੇ ਹੋਏ ਹਮਲੇ ਨੂੰ ਲੈ ਕੇ ਵੀ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜੇ ਜੇਲ ਪ੍ਰਬੰਧਨ ਕੈਦੀਆਂ ਦੀ ਸੁਰੱਖਿਆ ਨਹੀਂ ਕਰ ਸਕਦਾ, ਤਾਂ ਇਹ ਸਿੱਧਾ-ਸਿੱਧਾ ਪ੍ਰਸ਼ਾਸਨ ਉੱਤੇ ਸਵਾਲ ਖੜ੍ਹਾ ਕਰਦਾ ਹੈ।
ਇਸ ਤੋਂ ਇਲਾਵਾ, ਉਨ੍ਹਾਂ ਨੇ ਯੂਕੇ ਵਿੱਚ ਇੱਕ ਸਿੱਖ ਕੁੜੀ ਨਾਲ ਹੋਏ ਬਲਾਤਕਾਰ ਅਤੇ ਕਤਲ ਦੀ ਘਟਨਾ ਉੱਤੇ ਡੂੰਘਾ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਹਮੇਸ਼ਾਂ ਇਸ ਤਰ੍ਹਾਂ ਦੇ ਅਪਰਾਧਾਂ ਦੀ ਨਿੰਦਾ ਕਰਦੀ ਹੈ। ਜਥੇਦਾਰ ਨੇ ਉਥੇ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
Get all latest content delivered to your email a few times a month.